ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 14 ਮਾਰਚ
ਇੱਥੋਂ ਨੇੜਲੇ ਪਿੰਡ ਭੱਟੀਵਾਲ ਕਲਾਂ ਅਤੇ ਬਖੋਪੀਰ ਦੀਆਂ ਲਿੰਕ ਸੜਕਾਂ ਬਣਾਉਣ ਸਬੰਧੀ ਟੈਂਡਰ ਹੋਣ ਦੇ ਬਾਵਜੂਦ ਸੜਕਾਂ ਨਾ ਬਣਾਉਣ ਦੇ ਵਿਰੋਧ ਵਿੱਚ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਐੱਸਡੀਐੱਮ ਦਫਤਰ ਭਵਾਨੀਗੜ੍ਹ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਬਲਾਕ ਆਗੂ ਗੁਰਚੇਤ ਸਿੰਘ ਭੱਟੀਵਾਲ ਕਲਾਂ ਅਤੇ ਕੁਲਦੀਪ ਸਿੰਘ ਲਾਡੀ ਬਖੋਪੀਰ ਨੇ ਕਿਹਾ ਕਿ ਪਿੰਡ ਭੱਟੀਵਾਲ ਕਲਾਂ ਤੋਂ ਕਪਿਆਲ ਅਤੇ ਪਿੰਡ ਬਖੋਪੀਰ ਤੋਂ ਖੇਤਾਂ ਵਾਲੇ ਘਰਾਂ ਤੱਕ ਲਿੰਕ ਸੜਕਾਂ ਬਣਾਉਣ ਸਬੰਧੀ ਟੈਂਡਰ ਹੋ ਚੁੱਕਿਆ ਹੈ ਅਤੇ ਪੈਸੇ ਵੀ ਭਰੇ ਜਾ ਚੁੱਕੇ ਹਨ ਪਰ ਅਧਿਕਾਰੀਆਂ ਨੂੰ ਕਈ ਵਾਰ ਮਿਲਣ ਦੇ ਬਾਵਜੂਦ ਮਹਿਕਮੇ ਵੱਲੋਂ ਇਹ ਲਿੰਕ ਸੜਕਾਂ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਸੜਕਾਂ ਦਾ ਕੰਮ ਸ਼ੁਰੂ ਨਹੀਂ ਕਰਵਾਇਆ ਜਾਂਦਾ, ਉਦੋਂ ਤੱਕ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ। ਇਸ ਮੌਕੇ ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਬਿੱਕਰ ਸਿੰਘ, ਸਿਕੰਦਰ ਸਿੰਘ, ਰਾਜਾ ਸਿੰਘ ਬਖੋਪੀਰ, ਜਸਵਿੰਦਰ ਸਿੰਘ, ਹਾਕਮ ਸਿੰਘ ਅਤੇ ਦਿਲਪ੍ਰੀਤ ਸਿੰਘ ਵੀ ਹਾਜ਼ਰ ਸਨ। ਇਸੇ ਦੌਰਾਨ ਰਾਜੇਸ਼ ਆਹੂਜਾ ਨਾਇਬ ਤਹਿਸੀਲਦਾਰ ਭਵਾਨੀਗੜ੍ਹ ਨੇ 18 ਮਾਰਚ ਤੱਕ ਲਿੰਕ ਸੜਕਾਂ ਦਾ ਮਸਲਾ ਹੱਲ ਕਰਨ ਦੇ ਭਰੋਸੇ ਮਗਰੋਂ ਧਰਨਾ ਸਮਾਪਤ ਕੀਤਾ ਗਿਆ।