ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 5 ਸਤੰਬਰ
ਸੀਟੂ, ਕਿਸਾਨ ਸਭਾ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ’ਤੇ ਅੱਜ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਸੀਟੂ ਦੇ ਕੌਮੀ ਮੀਤ ਪ੍ਰਧਾਨ ਕਾ ਭੂਪ ਚੰਦ ਚੰਨੋਂ ਨੇ ਕਿਹਾ ਕਿ ਕਰੋਨਾ ਵਾਇਰਸ ਕਾਰਨ ਲੌਕਡਾਊਨ ਦੀ ਆੜ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੇ ਮੁਕੰਮਲ ਤੌਰ ਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਅਤੇ ਮਿਹਨਤਕਸ਼ ਲੋਕਾਂ ਦੇ ਵਿਰੋਧ ਵਿੱਚ ਭੁਗਤ ਕੇ ਉਨ੍ਹਾਂ ਖ਼ਿਲਾਫ਼ ਆਰਡੀਨੈਂਸ ਜਾਰੀ ਕਰ ਦਿੱਤੇ। ਉਨ੍ਹਾਂ ਮੰਗ ਕੀਤੀ ਕਿ ਖੇਤੀ ਆਰਡੀਨੈਂਸ ਅਤੇ ਬਿਜਲੀ ਬਿੱਲ 2020 ਵਾਪਸ ਲਏ ਜਾਣ, ਆਮਦਨ ਟੈਕਸ ਦੇ ਘੇਰੇ ਤੋਂ ਬਾਹਰ ਲੋਕਾਂ ਦੇ ਖਾਤੇ ਵਿੱਚ ਹਰ ਮਹੀਨੇ 7500 ਰੁਪਏ ਪਾਏ ਜਾਣ, ਹਰ ਵਿਅਕਤੀ ਨੂੰ 10 ਕਿਲੋ ਅਨਾਜ ਸਮੇਤ ਹੋਰ ਜ਼ਰੂਰੀ ਵਸਤਾਂ ਹਰ ਮਹੀਨੇ ਦਿੱਤੀਆਂ ਜਾਣ, ਮਜ਼ਦੂਰਾਂ ਦੀ ਘੱਟੋ ਘੱਟ 1000 ਰੁਪਏ ਉਜਰਤ ਦਿੱਤੀ ਜਾਵੇ, 600 ਰੁਪਏ ਦਿਹਾੜੀ ਦਿੱਤੀ ਜਾਵੇ, ਕੱਟੇ ਨੀਲੇ ਕਾਰਡ ਬਹਾਲ ਕੀਤੇ ਜਾਣ, ਕਰੋਨਾ ਮਹਾਮਾਰੀ ਵਿਰੁੱਧ ਫਰੰਟ ਦੇ ਲੜਨ ਵਾਲੇ ਕਰਮਚਾਰੀਆਂ ਦਾ 50 ਲੱਖ ਦਾ ਬੀਮਾ ਕੀਤਾ ਜਾਵੇ ਅਤੇ ਕਿਰਤ ਕਾਨੂੰਨਾਂ ਵਿੱਚ ਸੋਧਾਂ ਰੱਦ ਕੀਤੀਆਂ ਜਾਣ।
ਘਨੌਰ (ਗੁਰਪ੍ਰੀਤ ਸਿੰਘ): ਸੀਪੀਆਈ(ਐੱਮ) ਨਾਲ ਸੰਬਧਿਤ ਅਵਾਮੀ ਜਥੇਬੰਦੀਆਂ ਸੀਟੂ, ਕੁਲਹਿੰਦ ਕਿਸਾਨ ਸਭਾ ਅਤੇ ਕੁਲਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਹਲਕਾ ਘਨੌਰ ਦੇ ਪਿੰਡ ਸੀਲ, ਪੰਡਤਾਂ, ਕੁਥਾਖੇੜੀ, ਅਜਰਾਵਰ, ਸੋਨੇਮਾਜਰਾ, ਸੋੋਗਲਪੁਰ ਅਤੇ ਮੰਡੌਲੀ ਸਮੇਤ ਦਰਜਨ ਦੇ ਲਗਪਗ ਪਿੰਡਾਂ ਵਿੱਚ ਰੋਚ ਮਾਰਚ ਕੀਤਾ ਗਿਆ।
ਇਸ ਦੌਰਾਨ ਧਰਮਪਾਲ ਸਿੰਘ ਸੀਲ, ਪ੍ਰੇਮ ਸਿੰਘ ਘਨੌਰ ਅਤੇ ਜਗਪਾਲ ਸਿੰਘ ਮੰਡੌਲੀ ਬਲਦੇਵ ਕੁਮਾਰ, ਤਰਸੇਮ ਕੁਮਾਰ ਅਜਰਾਵਰ, ਸੁਨੀਲ ਕੁਮਾਰ ਅਤੇ ਅਲੀ ਖਾਨ ਦੀ ਸਾਂਝੀ ਅਗਵਾਈ ਵਿੱਚ ਸਰਕਾਰ ਖਿਲਾਫ਼ ਰੋਸ ਮਾਰਚ ਕਰਕੇ ਲਾਮਬੰਦੀ ਮੀਟਿੰਗਾਂ ਕੀਤੀਆਂ ਗਈਆਂ।
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਸੂਬਾਈ ਆਗੂਆਂ ਬਲਦੇਵ ਸਿੰਘ ਲਤਾਲਾ ਅਤੇ ਸਿਕੰਦਰ ਸਿੰਘ ਜੜਤੌਲੀ ਦੀ ਅਗਵਾਈ ਵਿੱਚ ਸੀਪੀਆਈ(ਐੱਮ) ਨਾਲ ਸਬੰਧਿਤ ਕਿਸਾਨ-ਮਜ਼ਦੂਰ ਯੂਨੀਅਨਾਂ ਨੇ ਇਲਾਕੇ ਦੇ ਪਿੰਡਾਂ ਵਿੱਚ ਪੈਦਲ ਮਾਰਚ ਕਰਕੇ ਕੇਂਦਰ ਸਰਕਾਰ ਨੂੰ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹਿੱਤਾਂ ਵਿਰੁੱਧ ਲਏ ਗਏ ਫ਼ੈਸਲਿਆਂ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਆਰਡੀਨੈਂਸਾਂ ਖ਼ਿਲਾਫ਼ ਸੀਪੀਐੱਮ ਨਾਲ ਸਬੰਧਿਤ ਕਿਸਾਨ-ਮਜ਼ਦੂਰ ਯੂਨੀਅਨ ਅਤੇ ਸੀਟੂ ਨੇ ਪਾਤੜਾਂ, ਨਿਆਲ, ਲਾਲਵਾ ਅਤੇ ਅਤਾਲਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ। ਸੀਪੀਐੱਮ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਕਾ. ਰੇਸ਼ਮ ਸਿੰਘ ਅਤੇ ਤਹਿਸੀਲ ਸਕੱਤਰ ਗੁਰਬਖਸ਼ ਸਿੰਘ ਧਨੇਠਾ ਨੇ ਕਿਹਾ ਕਿ ਆਰਡੀਨੈਂਸਾਂ ਰਾਹੀਂ ਖੇਤੀ ਤਬਾਹ ਕੀਤੀ ਜਾ ਰਹੀ ਹੈ।