ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 21 ਦਸੰਬਰ
ਖੇਤੀ ਵਿਰੋਧੀ ਕਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਦੌਰਾਨ ਹੁਣ ਤੱਕ ਸ਼ਹੀਦ ਹੋਏ ਕਰੀਬ 35 ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਦੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਹਾਦਰਪੁਰ, ਬਡਰੁੱਖਾਂ, ਉੱਭਾਵਾਲ, ਦੁੱਗਾਂ, ਕੁੰਨਰਾਂ, ਲਿੱਦੜਾਂ ਵਿੱਚ ਕਿਸਾਨਾਂ ਦੀ ਇਕੱਤਰਤਾ ਦੌਰਾਨ ਪੰਜ ਮਿੰਟ ਦਾ ਮੌਨ ਧਾਰਨ ਕਰਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਦਿੱਲੀ ਚਲੋ ਦਾ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਭਜਨ ਸਿੰਘ, ਬਲਾਕ ਸੰਗਰੂਰ ਦੇ ਪ੍ਰਧਾਨ ਸੁਖਦੇਵ ਸਿੰਘ ਉੱਭਾਵਾਲ, ਬਲਾਕ ਲੌਂਗੋਵਾਲ ਦੇ ਪ੍ਰਧਾਨ ਬਲਵਿੰਦਰ ਸਿੰਘ ਜੱਗੀ, ਯੂਥ ਵਿੰਗ ਦੇ ਜ਼ਿਲ੍ਹਾ ਆਗੂ ਬੱਗਾ ਸਿੰਘ ਬਹਾਦਰਪੁਰ, ਲਖਵਿੰਦਰ ਸਿੰਘ ਉੱਭਾਵਾਲ, ਯੋਧਾ ਸਿੰਘ ਕੁੰਨਰਾਂ, ਬੱਬੀ ਸਿੰਘ ਦੁੱਗਾਂ, ਮਿੰਟੂ ਬਡਰੁੱਖਾਂ, ਮਨਦੀਪ ਸਿੰਘ ਲਿੱਦੜਾਂ ਨੇ ਦੱਸਿਆ ਕਿ ਮੋਦੀ ਸਰਕਾਰ ਹਾਲੇ ਵੀ ਆਪਣੇ ਕਾਨੂੰਨਾਂ ਨੂੰ ਸਹੀ ਦੱਸ ਰਹੀ ਹੈ, ਜਦਕਿ ਪੂਰੇ ਭਾਰਤ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਕਿਸਾਨ ਅੰਦੋਲਨ ਖੜ੍ਹਾ ਹੋ ਚੁੱਕਿਆ ਹੈ। ਆਪਾਂ ਇਸ ਫਾਸ਼ੀਵਾਦੀ ਹਕੂਮਤ ਨੂੰ ਹਰਾ ਕੇ ਜਿੱਤ ਦਾ ਝੰਡਾ ਬੁਲੰਦ ਕਰਨਾ ਹੈ, ਇਸ ਲਈ ਸਮੁੱਚੇ ਪੰਜਾਬੀਆਂ ਨੂੰ ਪ੍ਰੀਵਾਰਾਂ ਸਮੇਤ ਦਿੱਲੀ ਮੋਰਚੇ ਵਿੱਚ ਇੱਕ ਹਫਤਾ ਹਾਜ਼ਰੀ ਲਗਾਉਣਾ ਬਹੁਤ ਹੀ ਜ਼ਰੂਰੀ ਹੈ। ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀਆਂ ਸ਼ਹੀਦੀਆਂ ਵੀ ਅਜਾਈਂ ਨਹੀਂ ਜਾਣਗੀਆਂ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਅਸੀਂ ਮੋਰਚੇ ਵਿੱਚ ਸ਼ਾਮਲ ਹੋਈਏ ਤੇ ਜਿੱਤ ਦੇ ਝੰਡੇ ਨੂੰ ਬੁਲੰਦ ਕਰੀਏ।
‘ਅੰਦੋਲਨ ਨੇ ਸਰਕਾਰ ਦੀਆਂ ਚੂਲਾਂ ਹਿਲਾਈਆਂ’
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੁਪੁਰ) ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਮੁੱਦੇ ’ਤੇ ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਿਹਾ ਕਿਸਾਨ ਅੰਦੋਲਨ ਸਿਖਰਾਂ ’ਤੇ ਪਹੁੰਚ ਚੁੱਕਾ ਹੈ ਅਤੇ ਇਸ ਅੰਦੋਲਨ ਵਿੱਚ ਦੇਸ਼ ਦੇ ਹਰੇਕ ਵਰਗ ਵੱਲੋਂ ਕਿਸਾਨਾਂ ਨੂੰ ਖੁੱਲ੍ਹਾ ਸਮੱਰਥਨ ਦਿੱਤਾ ਜਾ ਰਿਹਾ ਹੈ, ਜਿਸ ਨੇ ਕਿਸਾਨਾਂ ਦੇ ਹੌਸਲੇ ਹੋਰ ਵੀ ਬੁਲੰਦ ਕਰ ਦਿੱਤੇ ਹਨ ਤੇ ਕਿਸਾਨੀ ਸੰਘਰਸ਼ ਨੇ ਦਿੱਲੀ ਸਰਕਾਰ ਦੀਆਂ ਚੂਲਾਂ ਹਿਲਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ, ਆਰਐਸਐਸ ਤੇ ਭਾਜਪਾ ਦੀ ਲੀਡਰਸ਼ਿਪ ਬੁਖਲਾ ਗਈ ਹੈ ਜੋ ਆਪਣੀ ਜਿੱਤ ਪ੍ਰਗਟਾਉਣ ਲਈ ਕਿਸਾਨ ਅੰਦੋਲਨ ਨੂੰ ਕੰਮਜੋਰ ਕਰਨ ਲਈ ਘਟੀਆ ਰਾਜਨੀਤੀ ਤੇ ਉਤਰ ਆਈ ਹੈ, ਜਿਸ ਵਿੱਚ ਉਸ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।