ਖੇਤਰੀ ਪ੍ਰਤੀਨਿਧ
ਧੂਰੀ, 16 ਜਨਵਰੀ
ਨਗਰ ਕੌਂਸਲ ਦਫਤਰ ਦੇ ਵਿਹੜੇ ਵਿੱਚ ਲੱਗੇ ਬੈਂਚਾਂ ਸਮੇਤ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਲੱਗੇ ਬੈਂਚਾਂ ਉਪਰ ਲਿਖੇ ਨਾਵਾਂ ’ਤੇ ਕਾਲਖ ਲਗਾਉਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਨਗਰ ਕੌਂਸਲ ਅੰਦਰ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਵੱਲੋਂ ਐਮ.ਪੀ ਫੰਡ ਵਿੱਚੋਂ ਲਗਵਾਏ ਗਏ ਸੀਮਿੰਟਡ ਬੈਂਚ ਉਪਰ ਭਗਵੰਤ ਮਾਨ ਦੇ ਨਾਂ ਉਪਰ ਕਾਲਖ ਫੇਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਆਪ ਆਗੂ ਡਾ. ਅਨਵਰ ਭਸੌੜ ਤੇ ਰੂਬਲ ਬਾਜਵਾ ਸਮੇਤ ਵੱਖ-ਵੱਖ ਆਗੂਆਂ ਵੱਲੋਂ ਵਿਰੋਧ ਜਤਾਇਆ ਗਿਆ ਸੀ। ਜਿਸ ਤੋਂ ਬਾਅਦ ਨਗਰ ਕੌਂਸਲ ਦਫ਼ਤਰ ਸਮੇਤ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਬੈਂਚਾਂ ਉਪਰ ਵੀ ਨਗਰ ਕੌਂਸਲ ਵੱਲੋਂ ਕਾਲਖ ਫੇਰ ਦਿੱਤੀ ਗਈ।
ਇਸ ਸਬੰਧੀ ਬੁੱਧੀਜਾਵੀ ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਵੱਲੋਂ ਅਜਿਹਾ ਕਰਕੇ ਭਗਵੰਤ ਮਾਨ ਦੇ ਬੈਂਚਾਂ ਉਪਰ ਕਾਲਖ ਫੇਰਨ ਵਾਲੀ ਗਲਤੀ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਜੇ ਪਹਿਲਾਂ ਹੀ ਨਗਰ ਕੌਂਸਲ ਵੱਲੋਂ ਨਿਰਪੱਖ ਰਹਿ ਕੇ ਸਾਰੇ ਬੈਂਚਾਂ ਉਪਰ ਕਾਲਖ ਫੇਰਨ ਦੀ ਬਜਾਏ ਟੇਪ ਲਗਾ ਦਿੱਤੀ ਜਾਂਦੀ ਤਾਂ ਨਗਰ ਕੌਂਸਲ ਨੂੰ ਨਾਕਾਮੀ ਛੁਪਾਉਣ ਦੀ ਲੋੜ ਨਾ ਪੈਂਦੀ।
ਇਸ ਸਬੰਧੀ ਕਾਰਜਸਾਧਕ ਅਫਸਰ ਬਾਲ ਕ੍ਰਿਸ਼ਨ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਬੈਂਚਾਂ ਉਪਰ ਕਾਲਖ ਨਹੀਂ ਫੇਰੀ ਗਈ ਸਗੋਂ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਨਾਉਣ ਲਈ ਕਾਲਾ ਰੰਗ ਕੀਤਾ ਗਿਆ ਹੈ।