ਪੱਤਰ ਪ੍ਰੇਰਕ
ਭਵਾਨੀਗੜ੍ਹ, 6 ਜਨਵਰੀ
ਫਤਿਹਗੜ੍ਹ ਭਾਦਸੋਂ ’ਚ ਦਲਿਤ ਭਾਈਚਾਰੇ ਵੱਲੋਂ ਉਸਾਰੀ ਜਾ ਰਹੀ ਧਰਮਸ਼ਾਲਾ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਰੋਕਣ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਤਕਰਾਰ ਖੜ੍ਹਾ ਹੋ ਗਿਆ ਹੈ। ਇਸ ਮੁੱਦੇ ਨੂੰ ਲੈ ਕੇ ਅੱਜ ਪਿੰਡ ਫਤਿਹਗੜ੍ਹ ਭਾਦਸੋਂ ਦੇ ਮਜ਼ਦੂਰ ਭਾਈਚਾਰੇ ਨੇ ਪੁਲੀਸ ਥਾਣਾ ਭਵਾਨੀਗੜ੍ਹ ਵਿੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਕੰਮ ਰੋਕਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਦੂਜੇ ਪਾਸੇ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਹਰਜੀਤ ਸਿੰਘ ਨੇ ਪੁਲੀਸ ਅਧਿਕਾਰੀਆਂ ਨੂੰ ਦੱਸਿਆ ਕਿ ਇਸ ਥਾਂ ਸਬੰਧੀ ਉਨ੍ਹਾਂ ਕੋਲ ਸਟੇਅ ਲਈ ਹੋਈ ਹੈ। ਸਰਪੰਚ ਅਮਰ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਧਰਮਸ਼ਾਲਾ ਬਣਾਉਣ ਲਈ ਮਤਾ ਪਾਸ ਕੀਤਾ ਗਿਆ ਹੈ ਅਤੇ ਇਸ ਮਤੇ ਦੇ ਆਧਾਰ ’ਤੇ ਹੀ ਕੈਬਨਿਟ ਮੰਤਰੀ ਸਿੰਗਲਾ ਵੱਲੋਂ ਧਰਮਸ਼ਾਲਾ ਬਣਾਉਣ ਲਈ ਗਰਾਂਟ ਵੀ ਜਾਰੀ ਕਰ ਦਿੱਤੀ ਗਈ ਹੈ। ਮੀਟਿੰਗ ਉਪਰੰਤ ਡੀਐੱਸਪੀ ਭਵਾਨੀਗੜ੍ਹ ਸ੍ਰੀ ਦੀਪਕ ਰਾਏ ਅਤੇ ਥਾਣਾ ਮੁਖੀ ਪ੍ਰਦੀਪ ਸਿੰਘ ਬਾਜਵਾ ਨੇ ਦੋਵਾਂ ਧਿਰਾਂ ਨੂੰ 11 ਜਨਵਰੀ ਨੂੰ ਆਪੋ ਆਪਣੇ ਰਿਕਾਰਡ ਲੈ ਕੇ ਆਉਣ ਲਈ ਕਿਹਾ ਹੈ ਤਾਂ ਕਿ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾ ਸਕੇ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ, ਰਜਿੰਦਰ ਸਿੰਘ ਬੰਟੀ,ਬਲਵਿੰਦਰ ਸਿੰਘ, ਬਘੇਲ ਸਿੰਘ, ਸਤਨਾਮ ਸਿੰਘ ਅਤੇ ਅਮਰੀਕ ਸਿੰਘ ਵੱਲੋਂ ਐਲਾਨ ਕੀਤਾ ਗਿਆ ਕਿ ਜੇ ਐੱਸਸੀ ਭਾਈਚਾਰੇ ਨਾਲ ਕੋਈ ਧੱਕੇਸ਼ਾਹੀ ਹੋਈ ਤਾਂ ਜੱਥੇਬੰਦੀ ਵੱਲੋਂ ਸੰਘਰਸ਼ ਕੀਤਾ ਜਾਵੇਗਾ।