ਰਮੇਸ਼ ਭਾਰਦਵਾਜ
ਲਹਿਰਾਗਾਗਾ, 9 ਨਵੰਬਰ
ਨੇੜਲੇ ਪਿੰਡ ਸੰਗਤੀਵਾਲਾ ’ਚ ਪੰਚਾਇਤ ਤੇ ਐਸਸੀ ਵਰਗ ਵੱਲੋਂ ਡਾ. ਅੰਬੇਦਕਰ ਭਵਨ ਬਣਾਉਣ ਦਾ ਮਸਲਾ ਵਿਚਾਲੇ ਉਲਝਣ ਕਰਕੇ ਦੋਹਾਂ ਧਿਰਾਂ ਨੇ ਅਦਾਲਤ ਦਾ ਸਹਾਰਾ ਲੈਣ ਦੀ ਸਹਿਮਤੀ ਬਣਾਈ ਹੈ। ਜ਼ਿਕਰਯੋਗ ਹੈ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਕਾਈ ਪਿੰਡ ਸੰਗਤੀਵਾਲਾ ਵਿਖੇ ਡਾ. ਭੀਮ ਰਾਓ ਅੰਬੇਦਕਰ ਭਵਨ ਦੀ ਉਸਾਰੀ ਦਾ ਮਸਲਾ ਜੋ ਪਿਛਲੇ ਲੰਮੇ ਸਮੇਂ ਤੋਂ ਲਟਕ ਰਿਹਾ ਸੀ, ਅੱਜ ਇਸ ਦੇ ਹੱਲ ਲਈ ਐਸਸੀ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਮੋਹੀ ਅਤੇ ਐਸਡੀਐਮ ਨਵਨੀਤ ਕੌਰ ਸੇਖੇ ਲਹਿਰਾਗਾਗਾ ਬੀਡੀਪੀਓ ਸੁਨਾਮ ਮੈਡਮ ਨਿਸ਼ੀ ਅਤੇ ਉਪ ਪੁਲੀਸ ਕਪਤਾਨ ਮਨੋਜ ਗੋਰਸੀ ਦੀ ਅਗਵਾਈ ’ਚ ਪੁਲੀਸ ਪਾਰਟੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਸੰਗਤੀਵਾਲਾ ਵਿਖੇ ਇਸ ਮਸਲੇ ਦਾ ਹੱਲ ਕਰਨ ਲਈ ਪਹੁੰਚੇ।
ਅਧਿਕਾਰੀਆਂ ਨੇ ਸਬੰਧਤ ਦੋਵਾਂ ਧਿਰਾਂ ਨੂੰ ਬਿਠਾ ਕੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕੋਈ ਸਹਿਮਤੀ ਨਹੀਂ ਬਣ ਸਕੀ ਜਿੱਥੇ ਕਿ ਆਗੂ ਅਮਰੀਕ ਸਿੰਘ, ਪਿੰਕਾ ਸਿੰਘ ਸੰਗਤੀਵਾਲਾ ਨੇ ਕਿਹਾ ਕਿ ਉਹ ਕਾਗਜ਼ੀ ਰਿਕਾਰਡ ਅਨੁਸਾਰ ਜਿਸ ਜਗ੍ਹਾ ਉੱਪਰ ਡਾ .ਭੀਮ ਰਾਓ ਅੰਬੇਦਕਰ ਭਵਨ ਦੀ ਉਸਾਰੀ ਕਰਨਾ ਚਾਹੁੰਦੇ ਹਨ ਪਰ ਪਿੰਡ ਦੇ ਕੁਝ ਲੋਕ ਇਸ ਨੂੰ ਮੰਡੀ ਵਿੱਚ ਮਿਲਾਉਣਾ ਚਾਹੁੰਦੇ ਹਨ। ਪ੍ਰਸ਼ਾਸਨ ਨੇ ਅਨਾਜ ਮੰਡੀ ਡਾ. ਅੰਬੇਦਕਰ ਦੇ ਨਾਂ, ਡਾ. ਅੰਬੇਦਕਰ ਦਾ ਬੁੱਤ ਲਾਉਣ, ਸ਼ੈੱਡ ਪਾਉਣ ਲਈ ਪ੍ਰੇਰਿਤ ਕੀਤਾ ਪਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਹੰਸਾ ਸਿੰਘ, ਸੀਰਾ ਸਿੰਘ, ਜਗਸੀਰ ਸਿੰਘ , ਗੁਰਤੇਜ ਸਿੰਘ ਆਦਿ ਵੱਡੀ ਗਿਣਤੀ ਵਿਚ ਮਰਦ ਅਤੇ ਔਰਤਾਂ ਮੌਜੂਦ ਸਨ।