ਹਰਦੀਪ ਸਿੰਘ ਸੋਢੀ
ਧੂਰੀ, 18 ਜੁਲਾਈ
ਇਥੇ ਪਨਗਰੇਨ ਦਫ਼ਤਰ ਅੰਦਰ ਆਈ ਇਕ ਜਾਂਚ ਦੇ ਬਿਨਾਂ ਕਿਸੇ ਤਰ੍ਹਾਂ ਦੀ ਜਾਂਚ ਪੜਤਾਲ ਕੀਤੇ ਵਾਪਸ ਪਰਤਣ ਦੀ ਚਰਚਾ ਹੈ। ਇਸ ਜਾਂਚ ਟੀਮ ਜਾਂਚ ਸਬੰਧੀ ਧੂਰੀ ਹੀ ਨਹੀਂ ਸਗੋਂ ਜ਼ਿਲ੍ਹਾ ਸੰਗਰੂਰ ਦੇ ਵੀ ਕਿਸੇ ਅਧਿਕਾਰੀ ਨੂੰ ਖ਼ਬਰ ਤਕ ਨਹੀਂ ਲੱਗੀ। ਸੁੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਟੀਮ ਵੱਲੋਂ ਸਥਾਨਕ ਬੱਸ ਸਟੈਂਡ ਨੇੜੇ ਸਥਿਤ ਵਿਭਾਗ ਦੇ ਦਫ਼ਤਰ ਤੋਂ ਇਲਾਵਾ ਹੋਰ ਕਈ ਗੁਦਾਮਾਂ ਦਾ ਚੁੱਪ ਚਪੀਤੇ ਦੌਰਾ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਮਹਿਕਮੇ ਅੰਦਰ ਕੁਝ ਸਮੇਂ ਪਹਿਲਾਂ ਸ਼ੱਕੀ ਹਾਲਾਤ ’ਚ ਗੱਟੇ ਚੋਰੀ ਹੋਣ ਅਤੇ ਗਰੀਬ ਲੋਕਾਂ ਨੂੰ ਵੰਡੇ ਜਾਣ ਵਾਲੀ ਪੁਰਾਣੀ ਸਾਲ 2018-19, 2019-20 ਦੀ ਕਣਕ ਕਾਰਨ ਸਥਾਨਕ ਪਨਗਰੇਨ ਦਫ਼ਤਰ ਦੇ ਕੁਝ ਅਧਿਕਾਰੀ ਪਨਗਰੇਨ ਦੇ ਉੱਚ ਅਧਿਕਾਰੀਆਂ ਦੀ ਰਾਡਾਰ ’ਤੇ ਹਨ। ਭਾਵੇਂ ਇਸ ਕਣਕ ਵੰਡ ਸਬੰਧੀ ਮਹਿਕਮੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਵਿਭਾਗ ਦੇ ਇਕ ਅਧਿਕਾਰੀ ਦੀ ਧੂਰੀ ਪਨਗਰੇਨ ਦਫ਼ਤਰ ’ਚੋਂ ਬਦਲੀ ਨੂੰ ਵੀ ਇਸੇ ਜਾਂਚ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਅਤੇ ਲੰਮੇ ਸਮੇਂ ਤੋਂ ਧੂਰੀ ਵਿਖੇ ਤਾਇਨਾਤ ਇਕ ਅਧਿਕਾਰੀ ਸਬੰਧੀ ਜਾਂਚ ਚੱਲਣ ਸਬੰਧੀ ਚਰਚਾ ਵੀ ਹੈ। ਇਸ ਸਭ ਦੇ ਬਾਵਜੂਦ ਜਾਂਚ ਟੀਮ ਧੂਰੀ ਦੇ ਪਨਗਰੇਨ ਦਫ਼ਤਰ ਵਿਚ ਹੀ ਕਿਉਂ ਆਈ? ਇਸ ਸਬੰਧੀ ਕੋਈ ਵੀ ਅਧਿਕਾਰੀ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ। ਇਸ ਸਬੰਧੀ ਮਹਿਕਮੇ ਦੇ ਡਿਪਟੀ ਡਾਇਰੈਕਟਰ ਮਨੀਸ਼ ਨਰੂਲਾ ਨੇ ਕਿਹਾ ਕਿ ਧੂਰੀ ਪਨਗਰੇਨ ਦਫ਼ਤਰ ਵਿਚ ਪੁਰਾਣੀ ਕਣਕ ਮਾਮਲੇ ਸਬੰਧੀ ਪੜਤਾਲ ਚੱਲ ਰਹੀ ਹੈ, ਉਹ ਧੂਰੀ ਅੰਦਰ ਆਈ ਟੀਮ ਬਾਰੇ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਨੂੰ ਜਾਣੂ ਕਰਵਾਉਣਗੇ। ਇਸ ਸਬੰਧੀ ਜ਼ਿਲ੍ਹਾ ਫੂਡ ਅਫਸਰ ਸੁਰਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਟੀਮ ਦੇ ਆਉਣ ਬਾਰੇ ਕੁਝ ਨਹੀਂ ਕਿਹਾ। ਇਸ ਸਬੰਧੀ ਧੂਰੀ ਪਨਗਰੇਨ ਦੇ ਅਧਿਕਾਰੀ ਧਨਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੀ ਜਾਂਚ ਟੀਮ ਬਾਰੇ ਅਗਿਆਨਤਾ ਪ੍ਰਗਟਾਈ। ਐਸਐੱਚਓ ਧੂਰੀ ਦਰਸ਼ਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੀ ਇਸ ਬਾਰੇ ਪੜਤਾਲ ਕਰਨ ਦੀ ਗੱਲ ਕਹੀ।