ਹਰਦੀਪ ਸਿੰਘ ਸੋਢੀ
ਧੂਰੀ, 14 ਅਪਰੈਲ
ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਡਕਰ ਜੀ ਦੇ 130ਵੇਂ ਜਨਮ ਦਿਹਾੜੇ ਮੌਕੇ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਵੱਲੋਂ ਮੰਚ ਦੇ ਕੌਮੀ ਪ੍ਰਧਾਨ ਵਿਕੀ ਪਰੋਚਾ ਦੀ ਅਗਵਾਈ ਹੇਠ ਡਾ. ਅੰਬੇਡਕਰ ਚੌਕ ’ਚ ਸਮਾਗਮ ਕਰਾਇਆ ਗਿਆ। ਇਸ ਮੌਕੇ ਵਿਕੀ ਪਰੋਚਾ ਨੇ ਸਭ ਨੂੰ ਬਾਬਾ ਸਾਹਿਬ ਵੱਲੋਂ ਦਿਖਾਏ ਰਾਹ ’ਤੇ ਚੱਲਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੇ ਸਿਧਾਂਤਾਂ ਨੂੰ ਅਪਣਾ ਕੇ ਆਪਣੇ ਸਮਾਜ ਨੂੰ ਸੱਭਿਅਕ ਬਣਾ ਕੇ ਬਰਾਬਰਤਾ ਵਾਲਾ ਸਮਾਜ ਸਿਰਜਣ ਦੀ ਲੋੜ ਹੈ। ਪਰ ਸਮਾਗਮ ਦੌਰਾਨ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ ਨਗਰ ਕੌਂਸਲ ਦੀ ਪ੍ਰਧਾਨ ਪੁਸ਼ਪਾ ਰਾਣੀ ਦੇ ਪਤੀ ਅਤੇ ਸਾਬਕਾ ਪ੍ਰਧਾਨ ਸੰਦੀਪ ਤਾਇਲ ਜੌਲੀ ਸਮਾਗਮ ’ਚ ਸ਼ਿਰਕਤ ਕਰਨ ਲਈ ਪੁੱਜੇ। ਇਸ ਦੌਰਾਨ ਸੰਦੀਪ ਤਾਇਲ ਨੂੰ ਦਲਿਤ ਭਾਈਚਾਰੇ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਦਲਿਤ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਸਟੇਜ ’ਤੇ ਜਾਣ ਲਈ ਵਰਜਦੇ ਹੋਏ ਉਨ੍ਹਾਂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸਥਿਤੀ ਨੂੰ ਭਾਂਪਦਿਆਂ ਸੰਦੀਪ ਤਾਇਲ ਨੂੰ ਉਥੋਂ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ। ਜ਼ਿਕਰਯੋਗ ਹੈ ਕਿ ਲੰਘੇ ਦਿਨ ਬਾਬਾ ਸਾਹਿਬ ਦੇ 130ਵੇਂ ਜਨਮ ਦਿਹਾੜੇ ਦੀ ਮੁਬਾਰਕਬਾਦ ਸਬੰਧੀ ਸਥਾਨਕ ਕੱਕੜਵਾਲ ਪੁਲ ਨੇੜੇ ਲਗਾਏ ਗਏ ਫਲੈਕਸ ਬੋਰਡ ਦੇ ਉਪਰ ਜੌਲੀ ਪਰਿਵਾਰ ਵੱਲੋਂ ਨਗਰ ਕੌਂਸਲ ਦੀ ਪ੍ਰਧਾਨਗੀ ਮਿਲਣ ’ਤੇ ਧੰਨਵਾਦੀ ਫਲੈਕਸ ਲਗਾ ਦਿੱਤਾ ਗਿਆ ਸੀ। ਇਸ ਦੌਰਾਨ ਵੱਡੀ ਗਿਣਤੀ ’ਚ ਇਕੱਤਰ ਹੋਏ ਦਲਿਤ ਭਾਈਚਾਰੇ ਵੱਲੋਂ ਸੰਦੀਪ ਤਾਇਲ ਜੌਲੀ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਸੀ। ਇਸ ਸਬੰਧੀ ਵਿਕੀ ਪਰੋਚਾ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਸੰਦੀਪ ਤਾਇਲ ਜੌਲੀ ਵੱਲੋਂ ਸੱਤਾ ਦੇ ਨਸ਼ੇ ’ਚ ਜਾਣ-ਬੁੱਝ ਕੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਵੱਲੋਂ ਲੰਘੀ ਦੇਰ ਸ਼ਾਮ ਥਾਣਾ ਸਿਟੀ ਧੂਰੀ ਦੇ ਐੱਸ.ਐੱਚ.ਓ ਦੀਪਇੰਦਰ ਸਿੰਘ ਜੇਜੀ ਨੂੰ ਇਕ ਲਿਖਤੀ ਸ਼ਿਕਾਇਤ ਦੇ ਕੇ ਸੰਦੀਪ ਤਾਇਲ ਜੌਲੀ ਅਤੇ ਫਲੈਕਸ ਲਗਾਉਣ ਵਾਲੇ ਦੁਕਾਨਦਾਰ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ।ਇਸ ਮਾਮਲੇ ਸਬੰਧੀ ਕੇਂਦਰੀ ਐੱਸ.ਸੀ ਕਮਿਸ਼ਨ, ਪੰਜਾਬ ਐੱਸ.ਸੀ ਕਮਿਸ਼ਨ ਅਤੇ ਐੱਸ.ਐੱਸ.ਪੀ ਸੰਗਰੂਰ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ।
ਜਦੋਂ ਇਸ ਬਾਰੇ ਸੰਦੀਪ ਤਾਇਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਵੱਲੋਂ ਫਲੈਕਸ ਮਾਲਕ ਨੂੰ ਸਿਰਫ ਖਾਲੀ ਪਏ ਪੋਲਾਂ ਉਪਰ ਫਲੈਕਸ ਲਗਾਉਣ ਲਈ ਕਿਹਾ ਗਿਆ ਸੀ ਪਰ ਉਸ ਵੱਲੋਂ ਇਹ ਫਲੈਕਸ ਕਿਵੇਂ ਤੇ ਕਿਉਂ ਲਗਾਈ ਗਈ ਇਸ ਬਾਰੇ ਮੈਂ ਕੁੱਝ ਨਹੀਂ ਕਹਿ ਸਕਦਾ। ਉਨ੍ਹਾਂ ਅੱਜ ਦੇ ਵਿਰੋਧ ਸਬੰਧੀ ਪੁੱਛਣ ’ਤੇ ਕਿਹਾ ਕਿ ਉਹ ਸੱਦਾ ਪੱਤਰ ਮਿਲਣ ’ਤੇ ਸਾਫ਼ ਦਿਨ ਨਾਲ ਸਮਾਗਮ ’ਚ ਗਏ ਸੀ ਪਰ ਫਿਰ ਵੀ ਮੈਨੂੰ ਕਿਸੇ ਪ੍ਰਤੀ ਕੋਈ ਗਿਲਾ ਨਹੀਂ।