ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 11 ਜਨਵਰੀ
ਨੇੜਲੇ ਪਿੰਡ ਬਡਰੁੱਖਾਂ ਵਿੱਚ ਮਾਡਲ ਟਾਊਨ ਕਲੋਨੀ ਦੇ ਵਸਨੀਕਾਂ ਨੂੰ ਸੜਕ ਤੇ ਖੜੇ ਗੰਦੇ ਪਾਣੀ ਕਾਰਨ ਜਿਥੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਗੰਦੇ ਪਾਣੀ ਦੀ ਮਾਰ ਰਹੀ ਬਦਬੂ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਬਣਿਆ ਹੋਇਆ ਹੈ। ਕਲੋਨੀ ਦੇ ਵਸਨੀਕ ਅਤੇ ਉੱਘੇ ਸਮਾਜ ਸੇਵੀ ਅਜੇ ਸਿੰਘ, ਬੰਤ ਸਿੰਘ, ਗਿਰਧਾਰੀ ਸਿੰਘ, ਰਾਮ ਸਿੰਘ, ਧੰਨਾ ਸਿੰਘ, ਬਲਦੇਵ ਸਿੰਘ, ਮਿਲਖੋ ਦੇਵੀ, ਪਰਮਜੀਤ ਕੌਰ, ਕਰਨੈਲ ਕੌਰ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਤੀ ਸਿਕਾਇਤ ਕਰਦਿਆਂ ਕਿਹਾ ਹੈ ਕਿ ਨੈਸ਼ਨਲ ਹਾਈਵੇਅ ’ਤੇ ਬਣੀ ਸੜਕ ਦੇ ਨਾਲ ਨਾਲ ਗੰਦੇ ਪਾਣੀ ਦਾ ਨਿਕਾਸੀ ਨਾਲਾ ਭਰ ਜਾਣ ਕਾਰਨ ਅਤੇ ਇਹ ਗੰਦਾ ਪਾਣੀ ਸੜਕ ’ਤੇ ਖੜਨ ਕਾਰਨ ਜਿਥੇ ਕਲੋਨੀ ਵਾਸੀਆਂ ਦੇ ਆਉਣ ਜਾਣ ਲਈ ਮੁਸੀਬਤ ਬਣਿਆ ਹੋਇਆ ਹੈ, ਉਥੇ ਸਕੂਲੀ ਬੱਚਿਆਂ ਅਤੇ ਰਾਹਗੀਰਾਂ ਨੂੰ ਲੰਘਣ ਵਿੱਚ ਕਾਫੀ ਮੁਸ਼ਕਲਾਂ ਦਾ ਸਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਲੋਨੀ ਵਾਸੀ ਜਿਥੇ ਪਿੰਡ ਦੀ ਪੰਚਾਇਤ ਨੂੰ ਕਈ ਵਾਰ ਬੇਨਤੀਆਂ ਕਰ ਚੁੱਕੇ ਹਨ, ਉਥੇ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਬੀਬੀ ਦਾਮਨ ਥਿੰਦ ਬਾਜਵਾ ਨੂੰ ਵੀ ਇਥੇ ਬੁਲਾ ਕੇ ਮੌਕਾ ਵੀ ਵਿਖਾਇਆ ਗਿਆ ਸੀ ਪਰ ਉਨ੍ਹਾਂ ਸਵਾਏ ਲਾਰਿਆਂ ਤੋਂ ਕੁਝ ਵੀ ਨਹੀਂ ਕੀਤਾ। ਇਸ ਤੋਂ ਇਲਾਵਾ ਹਲਕੇ ਦੇ ਵਿਧਾਇਕ ਅਮਨ ਅਰੋੜਾ ਨੇ ਵੋਟਾਂ ਲੈਣ ਉਪਰੰਤ ਕਲੋਨੀ ਵਿੱਚ ਲੋਕਾਂ ਦੀ ਸਾਰ ਹੀ ਨਹੀਂ ਲਈ। ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗੰਦੇ ਪਾਣੀ ਦਾ ਠੋਸ ਪ੍ਰਬੰਧ ਕੀਤਾ ਜਾਵੇ।
ਉਧਰ ਇਸ ਸਬੰਧੀ ਜਦੋਂ ਬੀਡੀਪੀਓ ਸੰਗਰੂਰ ਪ੍ਰਵੇਸ਼ ਕੁਮਾਰ ਗੋਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਡ ਆਫ ਕੰਡਕਟ ਲੱਗਣ ਕਾਰਨ ਕੋਈ ਵੀ ਨਵਾਂ ਕੰਮ ਨਹੀਂ ਕਰਵਾ ਸਕਦੇ। ਉਨ੍ਹਾਂ ਪੰਚਾਇਤ ਸੈਕਟਰੀ ਨਿਰਭੈ ਸਿੰਘ ਨੂੰ ਦਰਖਾਸਤ ਮਾਰਕ ਕਰ ਦਿੱਤੀ ਹੈ। ਇਸੇ ਤਰ੍ਹਾਂ ਪੰਚਾਇਤ ਸੈਕਟਰੀ ਨੇ ਕਿਹਾ ਕਿ ਇਸ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪਾਂ ਆਦਿ ਲਿਆਂਦੀਆਂ ਗਈਆਂ ਹਨ। ਬਰਸਾਤ ਦਾ ਮੌਸਮ ਹੋਣ ਕਾਰਨ ਕੰਮ ਵਿੱਚ ਖੜੋਤ ਆਈ ਹੋਈ ਹੈ। ਜਲਦੀ ਹੀ ਇਸ ਗੰਦੇ ਪਾਣੀ ਦੀ ਸਮੱਸਿਆ ਨੂੰ ਦੂਰ ਕਰ ਦਿੱਤਾ ਜਾਵੇਗਾ।