ਖੇਤਰੀ ਪ੍ਰਤੀਨਿਧ
ਧੂਰੀ, 15 ਸਤੰਬਰ
ਅੱਜ ਸਿਹਤ ਮੰਤਰੀ, ਪੰਜਾਬ ਚੇਤਨ ਸਿੰਘ ਜੌੜਾਮਾਜਰਾ ਦਾ ਧੂਰੀ ਸਿਵਲ ਹਸਪਤਾਲ ਦਾ ਰੱਖਿਆ ਦੌਰਾ ਅਚਨਚੇਤ ਰੱਦ ਹੋਣ ਨਾਲ ਜਿੱਥੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਣ ਪੁੱਜੀਆਂ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਦੇ ਹੱਥ ਨਿਰਾਸ਼ਾ ਲੱਗੀ, ਉਥੇ ਹੀ ਆਮ ਲੋਕਾਂ ਨੂੰ ਸਿਵਲ ਹਸਪਤਾਲ ਦੇ ਹਾਲਾਤਾਂ ’ਚ ਕੁੱਝ ਸੁਧਾਰ ਹੋਣ ਦੀ ਆਸ ਨੂੰ ਵੀ ਬੂਰ ਨਾ ਪਿਆ। ਭਾਵੇਂ ਸਿਹਤ ਮੰਤਰੀ ਦੇ ਦੌਰੇ ਨੂੰ ਲੈ ਕੇ ਹਸਪਤਾਲ ਦੇ ਅੰਦਰ ਅਤੇ ਆਲੇ-ਦੁਆਲੇ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਕੀਤੀ ਗਈ ਸੀ ਅਤੇ ਸਿਵਲ ਸਰਜਨ ਸੰਗਰੂਰ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਹਸਪਤਾਲ ’ਚ ਮੌਜੂਦ ਰਹੇ, ਪ੍ਰੰਤੂ ਸਿਹਤ ਮੰਤਰੀ ਦਾ 9.30 ਵਜੇ ਤੋਂ ਇੰਤਜ਼ਾਰ ਕਰ ਰਹੇ ਪੱਤਰਕਾਰਾਂ, ਆਪ ਆਗੂਆਂ, ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਸਮੇਤ ਹੋਰਨਾਂ ਨੂੰ 11 ਵਜੇ ਦੇ ਕਰੀਬ ਪਤਾ ਲੱਗਾ ਕਿ ਇਕ ਵਿਭਾਗੀ ਮੀਟਿੰਗ ਕਾਰਨ ਸਿਹਤ ਮੰਤਰੀ ਨੂੰ ਆਪਣਾ ਧੂਰੀ ਦੌਰਾ ਰੱਦ ਕਰਨਾ ਪਿਆ। ਕੰਟਰੈਕਟ 2211 ਹੈਡ ਮਲਟੀਪਰਪਜ ਹੈਲਥ ਵਰਕਰ (ਫੀਮੇਲ) ਯੂਨੀਅਨ ਪੰਜਾਬ ਦੀ ਆਗੂ ਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਜੱਥੇਬੰਦੀ ਵੱਲੋਂ ਸਿਹਤ ਮੰਤਰੀ ਨੂੰ ਮੰਗ ਪੱਤਰ ਦਿੱਤਾ ਜਾਣਾ ਸੀ। ਇਸ ਤੋਂ ਇਲਾਵਾ ਆਸ਼ਾ ਵਰਕਰ ਤੇ ਫੈਸੀਲਿਟੇਟਰ ਯੂਨੀਅਨ ਪੰਜਾਬ ਅਤੇ ਐਨ.ਐਚ.ਐਮ ਮਲਟੀਪਰਪਜ਼ ਹੈਲਥ ਵਰਕਰ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦੇਣ ਪੁੱਜੇ ਹੋਏ ਸਨ ਪਰ ਉਨ੍ਹਾਂ ਦੇ ਹੱਥ ਨਿਰਾਸ਼ਾ ਲੱਗੀ ਹੈ।