ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਜੁਲਾਈ
ਇੱਥੇ ਸ਼ਹਿਰ ’ਚ ਭਗਵਾਨ ਵਾਲਮੀਕਿ ਰਾਮਾਇਣ ਭਵਨ, ਸਰੋਵਰ ਤੇ ਲੰਗਰ ਹਾਲ ਲਈ ਜਾਰੀ ਫੰਡ 1 ਕਰੋੜ 25 ਲੱਖ ਰੁਪਏ ਵਾਪਸ ਲੈਣ ਖ਼ਿਲਾਫ਼ ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਨੇ ਰੋਸ ਵਜੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਪ੍ਰਬੰਧਕ ਕਮੇਟੀ ਦੇ ਪੰਜ ਮੈਂਬਰ ਪ੍ਰਧਾਨ ਰਵੀ ਚਾਵਲਾ, ਖਜ਼ਾਨਚੀ ਸੁਭਾਸ਼ ਕੁਮਾਰ, ਮੈਂਬਰ ਸੀਤਾ ਰਾਮ ਚੌਹਾਨ, ਰਫੀ ਅਤੇ ਅਨਿਲ ਅੱਜ ਭੁੱਖ ਹੜਤਾਲ ’ਤੇ ਬੈਠ ਗਏ ਹਨ।
ਭੁੱਖ ਹੜਤਾਲ ’ਤੇ ਬੈਠੇ ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਦੇ ਪੰਜ ਮੈਂਬਰਾਂ ਨੇ ਕਿਹਾ ਕਿ ਪਿਛਲੀ ਸਰਕਾਰ ਸਮੇਂ ਭਗਵਾਨ ਵਾਲਮੀਕਿ ਰਾਮਾਇਣ ਭਵਨ, ਸਤਿਸੰਗ, ਸਰੋਵਰ ਤੇ ਲੰਗਰ ਹਾਲ ਲਈ 1 ਕਰੋੜ 25 ਲੱਖ ਰੁਪਏ ਦੇ ਫੰਡ ਜਾਰੀ ਹੋਏ ਸਨ ਪਰ ‘ਆਪ’ ਸਰਕਾਰ ਨੇ ਇਹ ਫੰਡ ਵਾਪਸ ਮੰਗਵਾ ਲਏ ਹਨ ਜੋ ਵਾਲਮੀਕਿ ਸਮਾਜ ਨਾਲ ਵਿਤਕਰਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੂੰ ਤਿੰਨ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਕਿ ਸਰੋਵਰ ਤੇ ਲੰਗਰ ਹਾਲ ਲਈ ਮਨਜ਼ੂਰ 1 ਕਰੋੜ 25 ਲੱਖ ਰੁਪਏ ਦੀ ਗਰਾਂਟ ਮੁੜ ਜਾਰੀ ਕੀਤੀ ਜਾਵੇ ਪਰ ਸਰਕਾਰ ਵੱਲੋਂ ਵਾਲਮੀਕਿ ਸਮਾਜ ਦੀ ਮੰਗ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਜਿਸ ਕਾਰਨ ਭਾਰੀ ਰੋਸ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਅਜਿਹੇ ਰਵੱਈਏ ਖ਼ਿਲਾਫ਼ ਅੱਜ ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਦੇ ਪੰਜ ਮੈਂਬਰਾਂ ਨੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ 1 ਕਰੋੜ 25 ਲੱਖ ਰੁਪਏ ਦੇ ਫੰਡ ਮੁੜ ਜਾਰੀ ਨਹੀਂ ਕੀਤੇ ਜਾਂਦੇ ਉਦੋਂ ਤੱਕ ਭੁੱਖ ਹੜਤਾਲ ਜਾਰੀ ਰਹੇਗੀ। ਇਸ ਮੌਕੇ ਭਾਜਪਾ ਪੰਜਾਬ ਦੇ ਕਾਰਜਕਾਰਨੀ ਮੈਂਬਰ ਸਤਵੰਤ ਸਿੰਘ ਪੂਨੀਆਂ ਨੇ ਫੰਡ ਵਾਪਸ ਕਰਨ ਲਈ ਪੰਜਾਬ ਸਰਕਾਰ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਫੰਡ ਜਾਰੀ ਨਾ ਕੀਤੇ ਤਾਂ ਅਨੁਸੂਚਿਤ ਜਾਤੀਆਂ ਕਮਿਸ਼ਨ ਭਾਰਤ ਸਰਕਾਰ ਕੋਲ ਮਾਮਲਾ ਉਠਾਇਆ ਜਾਵੇਗਾ।