ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਅਪਰੈਲ
ਜੁਗਾੜੂ ਰੇਹੜੀਆਂ ਖ਼ਿਲਾਫ਼ ਜਾਰੀ ਹੁਕਮਾਂ ਦਾ ਏਡੀਜੀਪੀ (ਟਰੈਫਿਕ) ਵੱਲੋਂ ਤਿੱਖਾ ਵਿਰੋਧ ਅਤੇ ਵੱਖ ਵੱਖ ਥਾਈਂ ਹੋਏ ਰੋਸ ਪ੍ਰਦਰਸ਼ਨਾਂ ਦੌਰਾਨ ਦੇਰ ਸ਼ਾਮ ਸਰਕਾਰ ਨੇ ਇਹ ਹੁਕਮ ਵਾਪਸ ਲੈ ਲਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜਿਹੇ ਹੁਕਮ ਜਾਰੀ ਕਰਨ ’ਤੇ ਵਿਭਾਗ ਕੋਲ ਨਾਰਾਜ਼ਗੀ ਵੀ ਜ਼ਾਹਰ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਮੋਟਰਸਾਈਕਲ ਰੇਹੜੀਆਂ ਬੰਦ ਕਰਨ ਦੇ ਦਿੱਤੇ ਗਏ ਹੁਕਮਾਂ ਤੋਂ ਬਾਅਦ ਮੋਟਰਸਾਈਕਲ ਰੇਹੜੀਆਂ ਚਲਾ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਵਾਲੇ ਮਜ਼ਦੂਰਾਂ ’ਚ ਸਰਕਾਰ ਖ਼ਿਲਾਫ਼ ਰੋਸ ਫੈਲ ਗਿਆ ਸੀ। ਰੇਹੜੀ ਚਾਲਕਾਂ ਵੱਲੋਂ ਪੰਜਾਬ ਸਰਕਾਰ ਦੇ ਫੈਸਲੇ ਨੂੰ ਗਰੀਬ ਵਿਰੋਧੀ ਫੈਸਲਾ ਕਰਾਰ ਦਿੱਤਾ ਸੀ। ਅੱਜ ਇੱਥੇ ਇਕੱਠੇ ਹੋਏ ਸੈਂਕੜੇ ਰੇਹੜੀ ਚਾਲਕਾਂ ਵੱਲੋਂ ਦੋ ਦਿਨਾਂ ਦੀ ਮੁਕੰਮਲ ਹੜਤਾਲ ਦਾ ਐਲਾਨ ਕਰਦਿਆਂ ਪੰਜਾਬ ਸਰਕਾਰ ਨੂੰ ਤੁਰੰਤ ਆਪਣੇ ਹੁਕਮ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ।
ਸਥਾਨਕ ਮਹਾਰਾਜਾ ਰਣਜੀਤ ਸਿੰਘ ਮਾਰਕੀਟ ਵਿੱਚ ਇਕੱਠੇ ਹੋਏ ਮੋਟਰਸਾਈਕਲ ਰੇਹੜੀ ਚਾਲਕਾਂ ਨੇ ਪੰਜਾਬ ਸਰਕਾਰ ਦੇ ਫੈਸਲੇ ਖ਼ਿਲਾਫ਼ ਰੋਸ ਪ੍ਰਗਟਾਇਆ। ਇਸ ਮੌਕੇ ਪਰਮਜੀਤ ਸਿੰਘ, ਸਤਵੀਰ ਸਿੰਘ, ਮੱਕੜ ਸਿੰਘ, ਕੌਰ ਸਿੰਘ ਅਤੇ ਅਰਜਨ ਸਿੰਘ ਨੇ ਕਿਹਾ ਕਿ ਮੋਟਰਸਾਈਕਲ ਰੇਹੜੀ ਚਾਲਕ ਗਰੀਬ ਮਜ਼ਦੂਰ ਹਨ ਜੋ ਰੇਹੜੀ ਚਲਾ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੇ ਹਨ। ਰੇਹੜੀ ਚਾਲਕਾਂ ਵੱਲੋਂ ਕਦੇ ਵੀ ਸਵਾਰੀਆਂ ਦੀ ਢੋਆ-ਢੋਆਈ ਨਹੀਂ ਕੀਤੀ ਗਈ ਸਗੋਂ ਹਲਕਾ ਸਾਮਾਨ ਆਦਿ ਢੋਅ ਕੇ ਮਜ਼ਦੂਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਮੋਟਰਸਾਈਕਲ ਰੇਹੜੀਆਂ ਕਦੇ ਵੀ ਹਾਦਸਿਆਂ ਦਾ ਕਾਰਨ ਨਹੀਂ ਬਣੀਆਂ। ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਨੇ ‘ਆਪ’ ਪਾਰਟੀ ’ਤੇ ਵੱਡੀ ਉਮੀਦ ਜਤਾਉਂਦਿਆਂ ਚੋਣਾਂ ਵਿੱਚ ਹਮਾਇਤ ਕੀਤੀ ਸੀ ਪਰ ਸਰਕਾਰ ਨੇ ਗਰੀਬ ਲੋਕਾਂ ਦੇ ਰੁਜ਼ਗਾਰ ਉਪਰ ਹੀ ਕੁਹਾੜਾ ਚਲਾ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਸੀ ਕਿ ਸ਼ਹਿਰ ਵਿੱਚ ਦੋ ਦਿਨਾਂ ਲਈ ਮੋਟਰਸਾਈਕਲ ਰੇਹੜੀ ਚਾਲਕਾਂ ਦੀ ਦੋ ਦਿਨਾਂ ਮੁਕੰਮਲ ਹੜਤਾਲ ਰਹੇਗੀ।
ਉਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਉਲ ਨੇ ਸਰਕਾਰ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਗਰੰਟੀ ਦੇ ਨਾਂ ’ਤੇ ਕੀਤਾ ਧੋਖਾ ਹਰ ਰੋਜ਼ ਸਾਹਮਣੇ ਆ ਰਿਹਾ ਹੈ।
ਸਮਾਣਾ (ਅਸ਼ਵਨੀ ਕੁਮਾਰ): ਮੋਟਰਸਾਈਕਲਾਂ ਨਾਲ ਜੋੜ ਕੇ ਬਣਾਈਆਂ ਰੇਹੜੀਆਂ ਨੂੰ ਪੰਜਾਬ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਤੋਂ ਬੰਦ ਕਰਨ ਦੇ ਦਿੱਤੇ ਆਦੇਸ਼ ਖ਼ਿਲਾਫ਼ ਅੱਜ ਰੇਹੜੀ ਚਾਲਕ ਸੜਕਾਂ ’ਤੇ ਉਤਰ ਆਏ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਆਪਣਾ ਰੋਸ ਹਲਕਾ ਵਿਧਾਇਕ ਕੋਲ ਵੀ ਦਰਜ ਕਰਵਾਇਆ।
ਰੇਹੜੀ ਚਾਲਕ ਯੂਨੀਅਨ ਦੇ ਆਗੂ ਬੁੱਧਰਾਮ, ਜਤਿੰਦਰ ਸਿੰਘ ਤੇ ਵੀਰਪਾਲ ਸਿੰਘ ਨੇ ਦੋਸ਼ ਲਗਾਇਆ ਸੀ ਕਿ ਪੰਜਾਬ ਸਰਕਾਰ ਨੇ ਮੋਟਰਸਾਈਕਲ ਰੇਹੜੀਆਂ ’ਤੇ ਪਾਬੰਦੀ ਲਗਾ ਕੇ ਲੱਖਾਂ ਲੋਕਾਂ ਤੋਂ ਉਨ੍ਹਾਂ ਦਾ ਰੁਜ਼ਗਾਰ ਖੋਹ ਲਿਆ ਹੈ। ਉਨ੍ਹਾਂ ਕਿਹਾ ਸੀ ਕਿ ਸੂਬੇ ਭਰ ਵਿੱਚ ਲੱਖਾਂ ਪਰਿਵਾਰ ਇਨ੍ਹਾਂ ਰੇਹੜੀਆਂ ਰਾਹੀਂ ਆਪਣੇ ਪਰਿਵਾਰ ਪਾਲ ਰਹੇ ਹਨ ਪ੍ਰੰਤੂ ਪੰਜਾਬ ਸਰਕਾਰ ਨੇ ਇਨ੍ਹਾਂ ’ਤੇ ਰੋਕ ਲਗਾ ਕੇ ਉਨ੍ਹਾਂ ਕੋਲੋਂ ਰੁਜ਼ਗਾਰ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ ਕਿ ਚੰਗੀ ਸਰਕਾਰ ਆਵੇਗੀ ਤੇ ਉਨ੍ਹਾਂ ਦੇ ਵੀ ਦਿਨ ਫ਼ਿਰ ਜਾਣਗੇ ਪ੍ਰੰਤੂ ਇਸ ਸਰਕਾਰ ਨੇ ਤਾਂ ਉਨ੍ਹਾਂ ਦੇ ਰੁਜ਼ਗਾਰ ਹੀ ਖੋਹ ਲਿਆ ਹੈ।
ਫੈਸਲਾ ਰੱਦ ਹੋਣ ਤੋਂ ਪਹਿਲਾਂ ਉਨ੍ਹਾਂ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਰੁਜ਼ਗਾਰ ਮੁਹੱਈਆਂ ਕਰਵਾਏ ਤੇ ਉਨ੍ਹਾਂ ਸਮਾਂ 15000 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਦੇਵੇ ਤਾਂ ਜੋ ਉਹ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ। ਉਨ੍ਹਾਂ ਇਸ ਸਬੰਧੀ ਆਪਣਾ ਰੋਸ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਕੋਲ ਵੀ ਦਰਜ਼ ਕਰਵਾਇਆ ਤੇ ਉਨ੍ਹਾਂ ਨੂੰ ਆਪਣੇ ਹਾਲਾਤ ਬਾਰੇ ਦੱਸਿਆ।