ਪਵਨ ਕੁਮਾਰ ਵਰਮਾ
ਧੂਰੀ, 21 ਜੁਲਾਈ
ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਾਵੇਂ ਲੋਕਾਂ ਨੂੰ ਆਪਣੇ ਘਰ ਨੇੜੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪਹਿਲੇ ਪੜਾਅ ਵਿਚ 15 ਅਗਸਤ ਤੋਂ 75 ਮੁਹੱਲਾ ਕਲੀਨਿਕ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਧਰ ਸਰਕਾਰ ਨੂੰ ਬਣਿਆਂ ਨੂੰ ਚਾਰ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ ਧੂਰੀ ਦਾ ਸਥਾਨਕ ਸਿਵਲ ਹਸਪਤਾਲ ਅਨੇਕਾਂ ਘਾਟਾਂ ਨਾਲ ਜੂਝਣ ਲਈ ਮਜਬੂਰ ਹੈ। ਮੁੱਖ ਮੰਤਰੀ ਜਿੱਥੇ 75 ਮੁਹੱਲਾ ਕਲੀਨਿਕਾਂ ਸਬੰਧੀ ਲਗਾਤਾਰ ਸਮੀਖਿਆ ਕਰ ਰਹੇ ਹਨ, ਉਥੇ ਹੀ ਉਨ੍ਹਾਂ ਆਪਣੇ ਹਲਕਾ ਧੂਰੀ ਦੇ ਸਿਵਲ ਹਸਪਤਾਲ ਅੰਦਰ ਚੱਲ ਰਹੇ ਸੁਸਤ ਰਫਤਾਰ ਨਵਿਆਉਣ ਦੇ ਕੰਮ ਵੱਲ ਕਦੇ ਧਿਆਨ ਨਹੀਂ ਦਿੱਤਾ। ਅਲਾਟਮੈਂਟ ਅਨੁਸਾਰ 30 ਅਪਰੈਲ ਤੱਕ ਪੂਰਾ ਹੋਣ ਵਾਲਾ ਕੰਮ ਹਾਲੇ ਵੀ ਮੁਕੰਮਲ ਨਹੀਂ ਹੋ ਸਕਿਆ। ਸਰਕਾਰ ਦੀ ਇਸ ਅਣਗਹਿਲੀ ਕਾਰਨ ਹਸਪਤਾਲ ਅੰਦਰ ਜਿੱਥੇ ਲੇਬਰਰੂਮ, ਅਪਰੇਸ਼ਨ ਥੀਏਟਰ, ਜਨਰਲ ਵਾਰਡ ਅਤੇ ਓਪੀਡੀ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਉਥੇ ਹੀ ਡਾਕਟਰੀ ਅਮਲੇ ਨੂੰ ਮਰੀਜ਼ਾਂ ਨੂੰ ਆਪਣੇ ਵਾਰਡ ਦੀ ਥਾਂ ਵੱਖ-ਵੱਖ ਕਮਰਿਆਂ ਵਿੱਚ ਰੱਖ ਕੇ ਬੁੱਤਾ ਸਾਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਨਾਲ ਜਿੱਥੇ ਡਾਕਟਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਮਰੀਜ਼ ਖੱਜਲ ਖੁਆਰ ਹੋ ਰਹੇ ਹਨ। ਹਸਪਤਾਲ ਵਿੱਚ ਹਾਲੇ ਵੀ ਅੱਖਾਂ, ਚਮੜੀ ਦੇ ਮਾਹਿਰ, ਰੇਡੀਓਲੋਜਿਸਟ (ਅਲਟਰਾਸਾਊਂਡ ਮਾਹਿਰ), ਮੈਡੀਸਨ ਅਤੇ ਸਰਜਰੀ (ਅਪ੍ਰੇਸ਼ਨਾਂ) ਦੇ ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹਨ। ਐਮਰਜੈਂਸੀ ਵਿਭਾਗ ਵਿੱਚ ਵੀ 4 ਐਂਮਰਜੈਂਸੀ ਮੈਡੀਕਲ ਅਫ਼ਸਰਾਂ ਸਮੇਤ ਹੋਰ ਸਿਹਤ ਕਾਮਿਆਂ ਦੀ ਤਾਇਨਾਤੀ ਦੀ ਲੋੜ ਹੈ। ਲੋਕਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਮੁਹੱਲਾ ਕਲੀਨਿਕ ਖੋਲ੍ਹਣ ਤੋਂ ਪਹਿਲਾਂ ਧੂਰੀ ਦੇ ਸਿਵਲ ਹਸਪਤਾਲ ਦੀ ਸਾਰ ਲਵੇ ਅਤੇ ਮਾਹਿਰ ਡਾਕਟਰਾਂ ਸਮੇਤ ਪੈਰਾ ਮੈਡੀਕਲ ਸਟਾਫ ਦੀ ਕਮੀ ਦੂਰ ਕਰੇ।
ਕੀ ਕਹਿਣਾ ਹੈ ਐੱਸਐੱਮਓ ਦਾ
ਇਨ੍ਹਾਂ ਘਾਟਾਂ ਸਬੰਧੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਧਰਮਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਸਬੰਧੀ ਤਜਵੀਜ਼ ਬਣਾ ਕੇ ਧੂਰੀ ਸਥਿਤ ਮੁੱਖ ਮੰਤਰੀ ਦਫਤਰ ਦੇ ਇੰਚਾਰਜ ਤੇ ਐੱਸਡੀਐੱਮ ਧੂਰੀ ਨੂੰ ਦਿੱਤੀ ਗਈ ਹੈ ਅਤੇ ਹਸਪਤਾਲ ਦੀ ਇਮਾਰਤ ਅੱਗੇ ਪਈ ਮਿੱਟੀ ਤੇ ਮਲਬਾ ਆਦਿ ਚੁਕਾ ਦਿੱਤਾ ਜਾਵੇਗਾ।