ਰਮੇਸ਼ ਭਾਰਦਵਾਜ
ਲਹਿਰਾਗਾਗਾ, 10 ਅਗਸਤ
ਇੱਥੇ ਸੁਸਾਇਟੀ ਫਾਰ ਐਜੂਕੇਸ਼ਨ ਐਡ ਅਵੇਅਰਨੈੱਸ (ਸੀਬਾ) ਵੱਲੋਂ ਤੀਆਂ ਤੀਜ ਦਾ ਹੋਲੀ ਮਿਸ਼ਨ ਸਕੂਲ ਦੇ ਗਰਾਊਂਡ ਵਿੱਚ ਮਨਾਇਆ ਗਿਆ ਜਿਸ ਵਿੱਚ 600 ਦੇ ਕਰੀਬ ਕੁੜੀਆਂ ਅਤੇ ਔਰਤਾਂ ਨੇ ਹਿੱਸਾ ਲਿਆ। ਅਮਨ ਢੀਂਡਸਾ ਨੇ ਤੀਆਂ ਦਾ ਇਤਿਹਾਸ ਦੱਸਦਿਆਂ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਕਿਹਾ। ਬੇਅੰਤ ਕੌਰ, ਆਸ਼ਾ ਰਾਣੀ, ਅਮਨ ਛਾਜਲਾ ਤੇ ਗੁਰਪਿੰਦਰ ਕੌਰ ਨੇ ਮੰਚ ਦਾ ਸੰਚਾਲਨ ਕੀਤਾ।
ਨਛੱਤਰ ਕੌਰ ਕਾਲਬੰਜਾਰਾ ਨੇ ਉੱਚੀਆਂ ਲੰਮੀਆਂ ਟਾਹਲੀਆਂ ਤੇ ਗੁਰਦੇਵ ਕੌਰ ਗਿਦੜਿਆਣੀ ਨੇ ਉੱਚੀ ਪਿਪਲੀ ਪੀਂਘਾਂ ਪਾਈਆਂ। ਚਰਨਜੀਤ ਕੌਰ ਲਹਿਰਾਗਾਗਾ ਨੇ ‘ਸੱਸ ਦੀਆਂ ਟੁੱਟੀਆਂ ਵਾਲੀਆਂ’ ਅਤੇ ਜਗਦੀਪ ਰੂਬੀ ਨੇ ‘ਹਰੀਏ ਨੀ ਰਸ ਭਰੀਏ ਖਜੂਰੇ’ ਗੀਤ ਗਾਏ। ਪੀਘਾਂ ਦੇ ਹੁਲਾਰੇ, ਫੁਲਕਾਰੀਆਂ, ਘੱਗਰੇ, ਬਾਗਾਂ ਦੇ ਮੇਲੇ ਦਾ ਰੰਗ ਬੰਨ੍ਹੀ ਰੱਖਿਆ। ਛੋਟੀਆਂ-ਛੋਟੀਆਂ ਬੱਚੀਆਂ ਨੇ ਲੋਕ ਗੀਤ ਗਾਏ। ਵਡੇਰੀ ਉਮਰ ਦੀਆਂ ਮਾਈਆਂ ਨੇ ਵੀ ਮਾਹੀਆ, ਵਿਆਹ ਦੇ ਲੰਬੀਆਂ ਹੇਕਾਂ ਵਾਲੇ ਗੀਤ ਸੁਣਾਏ। ਖੀਰ ਤੇ ਪੂੜਿਆਂ ਦੇ ਲੰਗਰ ਦੀ ਸੇਵਾ ਵੀ ਚੱਲਦੀ ਰਹੀ। ਸਟਾਲਾਂ ਉੱਪਰ ਵੀ ਖਰੀਦਦਾਰਾਂ ਦੀ ਰੌਣਕ ਲੱਗੀ ਰਹੀ।
ਰਜਨੀ ਗਰਗ ਤੇ ਰੋਜ਼ੀ ਨੂੰ ਮਿਸ ਪੰਜਾਬਣ ਚੁਣਿਆ
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੇ ਸ਼ਹਿਰ ਦੀਆਂ ਔਰਤਾਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਤੀਆਂ ਦਾ ਤਿਉਹਾਰ ਨੀਤੂ ਸਲਦੀ, ਜੋਤੀ ਮਹਿਤਾ ਅਤੇ ਅਰਸ਼ਦੀਪ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ। ਕੁੜੀਆਂ ਨੇ ਪੰਜਾਬੀ ਬੋਲੀਆਂ, ਗਿੱਧਾ ਅਤੇ ਭੰਗੜਾ ਪਾ ਕੇ ਪੰਜਾਬੀ ਸੱਭਿਆਚਾਰ ਦੀ ਅਨੋਖੀ ਝਲਕ ਪੇਸ਼ ਕੀਤੀ। ਗਗਨਦੀਪ ਕੌਰ ਧੀਮਾਨ ਨੇ ਕਿਹਾ ਕਿ ਅੱਜ ਦੀ ਰੁਝੇਵੇਂ ਭਰੀ ਜ਼ਿੰਦਗੀ ਦੌਰਾਨ ਹਰ ਇਨਸਾਨ ਟੀ.ਵੀ ਅਤੇ ਮੋਬਾਈਲ ਫੋਨ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ ਜਿਸ ਕਾਰਨ ਤੀਆਂ ਅਤੇ ਹੋਰ ਬਹੁਤ ਸਾਰੇ ਸੱਭਿਆਚਾਰਕ ਤਿਉਹਾਰ ਲੋਪ ਹੁੰਦੇ ਜਾ ਰਹੇ ਹਨ। ਇਸ ਲਈ ਪੁਰਾਣੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਆਪਣੇ ਬੱਚਿਆਂ ਸਮੇਤ ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਚਾਹੀਦੀ ਹੈ। ਇਸ ਮੌਕੇ ਕਰਵਾਏ ਗਏ ਇਕ ਮੁਕਾਬਲੇ ਦੌਰਾਨ ਰਜਨੀ ਗਰਗ ਅਤੇ ਰੋਜ਼ੀ ਨੂੰ ਮਿਸ ਪੰਜਾਬਣ ਚੁਣਿਆ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਖਾਣ ਪੀਣ ਦਾ ਵਿਸ਼ੇਸ਼ ਪ੍ਰੰਬਧ ਕੀਤਾ ਗਿਆ।