ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਅਗਸਤ
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਸ਼ਹਿਰ ਵਿੱਚ ਦੋ ਵੱਖ-ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਸਥਾਨਕ ਬੱਸ ਸਟੈਂਡ ਨਜ਼ਦੀਕ 66 ਕੇ.ਵੀ. ਗਰਿੱਡ ਸਬ ਸਟੇਸ਼ਨ ਦਾ ਨੀਂਹ ਪੱਥਰ ਰੱਖਣ ਮਗਰੋਂ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਲਗਭਗ 9.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇਹ ਸਬ-ਸਟੇਸ਼ਨ 31 ਮਾਰਚ 2023 ਤੱਕ ਮੁਕੰਮਲ ਹੋ ਜਾਵੇਗਾ ਜਿਸ ਦੇ ਬਣਨ ਨਾਲ ਲਗਭਗ 60 ਤੋਂ 70 ਹਜ਼ਾਰ ਬਿਜਲੀ ਖਪਤਕਾਰਾਂ ਨੂੰ ਲਾਭ ਮਿਲੇਗਾ ਅਤੇ ਇਸਦੇ ਸ਼ੁਰੂ ਹੋਣ ਨਾਲ ਭਵਿੱਖ ਵਿੱਚ 66 ਕੇ.ਵੀ. ਗਰਿੱਡ ਸਬ- ਸਟੇਸ਼ਨ ਬਡਰੁੱਖਾਂ, ਮੰਗਵਾਲ ਅਤੇ ਸੋਹੀਆਂ ਰੋਡ ’ਤੇ ਚੱਲਦੇ ਗਰਿੱਡ ਸਬ-ਸਟੇਸ਼ਨਾਂ ਦੇ ਓਵਰਲੋਡ ਹੋਣ ਦੀ ਸੰਭਾਵਨਾ ਨਹੀਂ ਰਹੇਗੀ।
ਇਸ ਤੋਂ ਇਲਾਵਾ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਦੂਜੇ ਪ੍ਰਾਜੈਕਟ 33 ਕੇ.ਵੀ. ਕਲੋਨੀ ਸੋਹੀਆਂ ਰੋਡ ਸੰਗਰੂਰ ’ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸੰਗਰੂਰ ਦੇ 12 ਦਫ਼ਤਰਾਂ ਨੂੰ ਇੱਕੋ ਸਥਾਨ ’ਤੇ ਤਬਦੀਲ ਕਰਨ ਲਈ ਉਸਾਰੀ ਜਾਣ ਵਾਲੀ ਬਹੁ-ਮੰਜ਼ਿਲਾ ਅਤਿ ਆਧੁਨਿਕ ਇਮਾਰਤ ਦਾ ਨੀਂਹ ਰੱਖਿਆ ਗਿਆ। ਬਿਜਲੀ ਮੰਤਰੀ ਨੇ ਦੱਸਿਆ ਕਿ ਇਸ ਇਮਾਰਤ ਦੀ ਉਸਾਰੀ ’ਤੇ ਲਗਭਗ 17.30 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਪ੍ਰਾਜੈਕਟ ਨੂੰ 31 ਮਾਰਚ 2024 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕੋ ਛੱਤ ਹੇਠਾਂ ਪੀ.ਐਸ.ਪੀ.ਸੀ.ਐਲ ਦੇ ਦਫ਼ਤਰ ਇਕੱਠੇ ਹੋਣ ਨਾਲ ਖਪਤਕਾਰਾਂ, ਬਿਜਲੀ ਕਾਮਿਆਂ ਤੇ ਪੈਨਸ਼ਨਰਾਂ ਨੂੰ ਸਮਾਂਬੱਧ ਸੇਵਾਵਾਂ ਦੇਣ ਵਿੱਚ ਹੋਰ ਵੀ ਸੌਖ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਸਰਕਾਰ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਤਰਜੀਹੀ ਆਧਾਰ ’ਤੇ ਹੱਲ ਕਰਨ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵੱਲੋਂ ਘਰੇਲੂ ਖ਼ਪਤਕਾਰਾਂ ਨੂੰ ਹਰ ਦੋ ਮਹੀਨੇ ਲਈ 600 ਯੂਨਿਟ ਮੁਫ਼ਤ ਬਿਜਲੀ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ ਜੋ ਨਿਰਪੱਖਤਾ ਨਾਲ ਸਾਰੇ ਘਰੇਲੂ ਉਪਭੋਗਤਾਵਾਂ ਲਈ ਲਾਗੂ ਹੋਵੇਗੀ ਅਤੇ ਦੋ ਮਹੀਨੇ ਵਿੱਚ 600 ਯੂਨਿਟ ਤੱਕ ਦੀ ਬਿਜਲੀ ਖਪਤ ਵਾਲੇ ਖਪਤਕਾਰਾਂ ਲਈ ਭੁਗਤਾਨ ਬਿੱਲ ਜ਼ੀਰੋ ਹੋਵੇਗਾ।
ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਵਿਧਾਇਕ ਬਰਿੰਦਰ ਕੁਮਾਰ ਗੋਇਲ, ਡੀਸੀ ਜਤਿੰਦਰ ਜੋਰਵਾਲ, ਐੱਸਐੱਸਪੀ ਮਨਦੀਪ ਸਿੰਘ ਸਿੱਧੂ, ਡਾਇਰੈਕਟਰ ਇੰਜ. ਡੀ.ਪੀ. ਐੱਸ ਗਰੇਵਾਲ ਤੇ ‘ਆਪ ’ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਘਰਾਚੋਂ ਆਦਿ ਮੌਜੂਦ ਸਨ।