ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 19 ਦਸੰਬਰ
ਗੁਰੂ ਨਾਨਕ ਦੇਵ ਦੇ ਚਰਨ ਛੋਹ ਪ੍ਰਾਪਤ ਪਿੰਡਾਂ ਵਿੱਚ ਸ਼ੁਮਾਰ ਪਿੰਡ ਬਹਾਦਰਪੁਰ ਦੇ ਨਜ਼ਦੀਕ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ (ਸੰਗਰੂਰ) ਨੂੰ ਪੰਜਾਬ ਸਰਕਾਰ ਦੇ ਸਭਿਆਚਾਰਕ ਵਿਭਾਗ ਵੱਲੋਂ ਬੀਤੇ ਸਮੇਂ ਦੌਰਾਨ ਜਾਰੀ ਕੀਤੀ ਗਰਾਂਟ ਤਹਿਤ ਸਪੋਰਟਸ ਅਥਾਰਟੀ ਆਫ਼ ਇੰਡੀਆ ਸਾਈ ਸੈਂਟਰ ਮਸਤੂਆਣਾ ਸਾਹਿਬ ਵਿੱਚ ਬਣਨ ਵਾਲੇ ਸਟੇਡੀਅਮ ਦਾ ਨੀਂਹ ਪੱਥਰ ਹਲਕਾ ਸੁਨਾਮ ਦੀ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਨੇ ਰੱਖਿਆ। ਇਸ ਮੌਕੇ ਪੰਚਾਇਤੀ ਰਾਜ ਵਿਭਾਗ ਦੇ ਐਕਸ਼ੀਅਨ ਰਣਜੀਤ ਸਿੰਘ ਸ਼ੇਰਗਿੱਲ, ਐੱਸਡੀਓ ਦੁੱਲਾ ਰਾਮ, ਸਾਈ ਸੈਂਟਰ ਦੇ ਇੰਚਾਰਜ ਮਨਜੀਤ ਸਿੰਘ ਬਾਲੀਆਂ, ਬਲਾਕ ਸੰਮਤੀ ਚੇਅਰਮੈਨ ਕੁਲਵਿੰਦਰ ਸਿੰਘ ਕਿੰਦਾ, ਬਾਬਾ ਦਰਸ਼ਨ ਸਿੰਘ, ਸਰਪੰਚ ਹਰਭਜਨ ਸਿੰਘ ਦੁੱਗਾਂ, ਸਰਪੰਚ ਅਵਤਾਰ ਸਿੰਘ ਕਲੇਰ ਬਹਾਦਰਪੁਰ, ਗੁਰਜੰਟ ਸਿੰਘ ਦੁੱਗਾਂ ਅਤੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਸ਼ਾਮਲ ਸਨ।
ਮੈਡਮ ਬਾਜਵਾ ਨੇ ਕਿਹਾ ਕਿ ਇਸ ਕੇਂਦਰ ਸਰਕਾਰ ਵੱਲੋਂ ਖੋਲ੍ਹੇ ਗਏ ਸਾਈ ਸੈਂਟਰ ਵਿੱਚ ਬਣਨ ਵਾਲੇ ਸਟੇਡੀਅਮ ’ਤੇ ਲਗਪਗ 40 ਲੱਖ ਰੁਪਏ ਦਾ ਖਰਚਾ ਆਵੇਗਾ। ਇਸ ਦੇ ਬਣਨ ਨਾਲ ਇਲਾਕੇ ਦੇ ਖਿਡਾਰੀਆਂ ਅਤੇ ਬੱਚਿਆਂ ਨੂੰ ਵੱਡੀ ਸਹੂਲਤ ਪ੍ਰਾਪਤ ਹੋਵੇਗੀ।