ਪੱਤਰ ਪ੍ਰੇਰਕ
ਭਵਾਨੀਗੜ੍ਹ, 16 ਨਵੰਬਰ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਦੋ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਅੱਜ ਨੇੜਲੇ ਪਿੰਡ ਰੇਤਗੜ੍ਹ ਦਾ ਨੌਜਵਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਝੰਡੇ ਲਹਿਰਾ ਕੇ ਆਪਣੀ ਬਰਾਤ ਲੈ ਕੇ ਗਿਆ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ ਸਮੁੱਚੇ ਪੰਜਾਬ ਵਾਂਗ ਭਵਾਨੀਗੜ੍ਹ ਇਲਾਕੇ ਵਿੱਚ ਵੀ ਲੰਬੇ ਸਮੇਂ ਤੋਂ ਟੌਲ ਪਲਾਜ਼ਿਆਂ ਅਤੇ ਪੈਟਰੌਲ ਪੰਪ ਬਾਲਦ ਕਲਾਂ ਵਿਚ ਧਰਨੇ ਜਾਰੀ ਹਨ।
ਖੇਤੀ ਕਾਨੂੰਨਾਂ ਦਾ ਦਾ ਅਸਰ ਹੁਣ ਵਿਆਹਾਂ ’ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ। ਭਵਾਨੀਗੜ੍ਹ ਇਲਾਕੇ ਵਿੱਚ ਪਹਿਲਾਂ ਪਿੰਡ ਘਰਾਚੋਂ ਵਿਖੇ ਕਿਸਾਨ ਯੂਨੀਅਨ ਦੇ ਝੰਡੇ ਲਹਿਰਾ ਕੇ ਬਰਾਤ ਚੜ੍ਹੀ ਸੀ ਅਤੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਰੇਤਗੜ੍ਹ ਦੇ ਪ੍ਰਧਾਨ ਹਰਨੇਕ ਸਿੰਘ ਦੇ ਲੜਕੇ ਦਾ ਵਿਆਹ ਸੀ। ਇਸ ਮੌਕੇ ਵਿਆਹ ਦੀ ਝਲਕ ਘੱਟ ਤੇ ਪ੍ਰਦਰਸ਼ਨ ਦੀ ਜ਼ਿਆਦਾ ਲੱਗੀ। ਵਿਆਹ ਵਾਲੇ ਘਰ ਲਾੜੇ ਦੇ ਪਿਤਾ, ਮਾਂ, ਭੈਣ ਅਤੇ ਬਰਾਤੀਆਂ ਨੇ ਹੱਥਾਂ ’ਚ ਕਿਸਾਨ ਯੂਨੀਅਨ ਦੇ ਝੰਡੇ ਫੜੇ ਹੋਏ ਸਨ। ਪਰਿਵਾਰ ਵੱਲੋਂ ਵਿਆਹ ਦੀਆਂ ਸਾਰੀਆਂ ਰਸਮਾਂ ਕਰਨ ਉਪਰੰਤ ਹੱਥਾਂ ’ਚ ਯੂਨੀਅਨ ਦੇ ਝੰਡੇ ਫੜ ਕੇ ਸਾਰੇ ਹੀ ਬਰਾਤ ਚੜ੍ਹੇ। ਬਰਾਤ ਰਵਾਨਾ ਹੋਣ ਮੌਕੇ ਕਿਸਾਨ ਏਕਤਾ ਜ਼ਿੰਦਾਬਾਦ ਅਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲੱਗੇ। ਲਾੜੇ ਨੇ ਕਿਹਾ ਕਿ ਉਸ ਦੀਆਂ ਖ਼ੁਸ਼ੀਆਂ ਵੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹਨ।