ਗੁਰਦੀਪ ਸਿੰਘ ਲਾਲੀ/ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ/ਸੰਗਰੂਰ, 26 ਦਸੰਬਰ
ਆਮ ਆਦਮੀ ਪਾਰਟੀ ਵੱਲੋਂ ਭਵਾਨੀਗੜ੍ਹ ਬਲਾਕ ਦੇ ਪਿੰਡ ਭਰਾਜ ਦੀ ਜੰਮਪਲ ਯੂਥ ਆਗੂ ਨਰਿੰਦਰ ਕੌਰ ਭਰਾਜ ਨੂੰ ਹਲਕਾ ਸੰਗਰੂਰ ਤੋਂ ਟਿਕਟ ਦਾ ਐਲਾਨ ਕੀਤਾ ਗਿਆ। ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਵੱਲੋਂ ਉਮੀਦਵਾਰਾਂ ਦੀ ਜਾਰੀ ਸੂਚੀ ਵਿੱਚ ਨਰਿੰਦਰ ਕੌਰ ਭਰਾਜ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਭਗਵੰਤ ਮਾਨ ਵੱਲੋਂ ਪਹਿਲੀ ਵਾਰ ਲੜੀ ਗਈ ਐੱਮਪੀ ਚੋਣ ਦੌਰਾਨ ਨਰਿੰਦਰ ਕੌਰ ਭਰਾਜ ਉਸ ਸਮੇਂ ਸਿਆਸੀ ਹਲਕਿਆਂ ਵਿੱਚ ਚਰਚਿਤ ਹੋਈ ਸੀ, ਜਦੋਂ ਉਸ ਦੇ ਪਿੰਡ ਵਿੱਚ ਵਿਰੋਧੀ ਧਿਰਾਂ ਨੇ ਡਰਾ-ਧਮਕਾ ਕੇ ਭਗਵੰਤ ਮਾਨ ਦਾ ਪੋਲਿੰਗ ਬੂਥ ਲੱਗਣ ਨਹੀਂ ਦਿੱਤਾ ਸੀ। ਇਸ ਦੌਰਾਨ ਨਰਿੰਦਰ ਕੌਰ ਭਰਾਜ ਖੁਦ ਪੋਲਿੰਗ ਏਜੰਟ ਬਣ ਕੇ ਬੂਥ ’ਤੇ ਬੈਠੀ ਸੀ ਤੇ ਇੰਜ ਉਹ ਪੰਜਾਬ ਦੀ ਪਹਿਲੀ ਮਹਿਲਾ ਪੋਲਿੰਗ ਬੂਥ ਏਜੰਟ ਬਣੀ ਸੀ। ਇਸ ਤੋਂ ਬਾਅਦ ਨਰਿੰਦਰ ਕੌਰ ਭਰਾਜ ਦਸ ਸਾਲਾਂ ਤੋਂ ਪਾਰਟੀ ਵਿੱਚ ਪੰਜਾਬ ਪੱਧਰ ’ਤੇ ਸਰਗਰਮੀਆਂ ਵਿੱਚ ਸ਼ਾਮਲ ਰਹੀ ਹੈ।