ਲਹਿਰਾਗਾਗਾ ਮੰਡੀ ’ਚ ਨਰਮੇ ਦੀ ਪਹਿਲੀ ਢੇਰੀ ਆਈ

ਲਹਿਰਾਗਾਗਾ ਮੰਡੀ ’ਚ ਨਰਮੇ ਦੀ ਪਹਿਲੀ ਢੇਰੀ ਆਈ

ਲਹਿਰਾਗਾਗਾ ਅਨਾਜ ਮੰਡੀ ਵਿੱਚ ਵਿਕਣ ਲਈ ਆਈ ਨਰਮੇ ਦੀ ਢੇਰੀ।

ਰਮੇਸ਼ ਭਾਰਦਵਾਜ
ਲਹਿਰਾਗਾਗਾ, 22 ਸਤੰਬਰ

ਇਥੇ ਅਨਾਜ ਮੰਡੀ ਵਿੱਚ ਅੱਜ ਸਾਉਣੀ ਦੀ ਫਸਲ ਨਰਮੇ ਦੀ ਪਹਿਲੀ ਆਮਦ ਹੋਈ। ਇਹ ਨਰਮਾ   ਕੁੰਦਨ ਲਾਲ ਓਮ ਪ੍ਰਕਾਸ਼, ਜਸਵੰਤ ਰਾਏ ਐਂਡ ਕੰਪਨੀ  ਨਾਮੀ ਆੜ੍ਹਤੀਏ ਦੀ ਦੁਕਾਨ ’ਤੇ   3900 ਤੋਂ 4500 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਿਆ ਪਰ ਨਰਮੇ ਦਾ ਸਰਕਾਰੀ ਸਮਰਥਨ ਮੁੱਲ 5515  ਤੋਂ ਵੱਧ ਹੈ।  ਇਥੇ ਇਸ ਵਾਰ  ਕ੍ਰਿਸ਼ਨਾ ਕਾਟਨ ਮਿਲ ਨਰਮੇ ਦੀ ਖਰੀਦ ਲਈ ਅੱਗੇ ਆਈਆਂ ਹਨ।  ਕਿਸਾਨ ਦਰਸ਼ਨ ਸਿੰਘ ਕੋਟੜਾ, ਰੂਪ ਸਿੰਘ ਗੰਢੂਆਂ ਅਤੇ ਹਰਦੀਪ ਸਿੰਘ ਲਹਿਲ ਕਲਾਂ ਨੇ ਦੱਸਿਆ ਕਿ ਕਿਸਾਨਾਂ ਦੀ ਫਸਲ ਅਨਾਜ ਮੰਡੀਆਂ ਵਿੱਚ ਸਮਰਥਨ ਮੁੱਲ ਤੋਂ ਪ੍ਰਤੀ ਕੁਇੰਟਲ  1000 ਰੁਪਏ ਘੱਟ ਕੀਮਤ ’ਤੇ ਖਰੀਦੀ ਜਾ ਰਹੀ ਹੈ।

ਦੂਜੇ ਪਾਸੇ ਨਰਮੇ ਦੀ ਫਸਲ +ਤੇ ਰੇਹ, ਸਪਰੇਹ, ਗੋਡੀ ਆਦਿ ਦਾ ਖਰਚ ਸਭ ਫਸਲਾਂ ਤੋਂ ਜ਼ਿਆਦਾ ਹੈ। ਮਾਰਕਿਟ ਕਮੇਟੀ ਦੇ ਲੇਖਾਕਾਰ ਰਣਧੀਰ ਸਿੰਘ ਖਾਲਸਾ ਨੇ ਦੱਸਿਆ ਕਿ ਅਜੇ ਸਿਰਫ 10 ਕੁਇੰਟਲ ਨਰਮੇ ਦੀ ਖਰੀਦ ਹੋਈ ਹੈ। ਕਿਸਾਨ ਨੇ ਦੱਸਿਆ ਕਿ ਅਜੇ  ਪਹਿਲੀ ਚੁਗਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨਰਮਾ ਕੱਦ ਕੱਢਣ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਨਰਮੇ ਦਾ ਝਾੜ ਵੱਧ ਨਿਕਲਣ ਦੀ ਉਮੀਦ ਹੈ।  ਜ਼ਿਕਰਯੋਗ ਹੈ ਕਿ ਇੱਕ ਦਹਾਕਾ ਪਹਿਲਾਂ ਹਲਕੇ ’ਚ 15 ਹਜ਼ਾਰ ਹੈਕਟੇਅਰ ਜ਼ਮੀਨ ’ਚ ਨਰਮੇ ਦੀ ਕਾਸ਼ਤ ਹੁੰਦੀ ਸੀ  ਪਰ ਹੁਣ ਖੇਤੀ ਵਿਭਾਗ  ਬਲਾਕ ਖੇਤੀ ਅਫਸਰ ਡਾ. ਇੰਦਰਜੀਤ ਸਿੰਘ ਭੱਟੀ ਅਨੁਸਾਰ ਬਲਾਕ ਲਹਿਰਾਗਾਗਾ ਹਲਕੇ ਵਿੱਚ 2660 ਹੈਕਟੇਅਰ ਤੋਂ ਵੱਧ ਰਕਬੇ ਵਿੱਚ ਨਰਮੇ ਦੀ ਫਸਲ ਦੀ ਕਾਸਤ ਕੀਤੀ ਗਈ ਹੈ ਅਤੇ ਮੌਸਮ ਠੀਕ ਰਹਿਣ ਕਰਕੇ ਨਰਮੇ ਦਾ ਝਾੜ ਚੰਗਾ ਰਹਿਣ ਦੇ ਆਸਾਰ ਹਨ।  ਆੜ੍ਹਤੀ ਯੂਨੀਅਨ ਦੇ  ਪ੍ਰਧਾਨ ਜੀਵਨ ਕੁਮਾਰ ਰੱਬੜ ਦਾ ਕਹਿਣਾ ਹੈ ਕਿ ਚਾਹੇ ਅਜੇ ਗਿਣਵੀਆਂ ਢੇਰੀਆਂ ਹੀ ਨਰਮੇ ਦੀਆਂ ਆਉਣਗੀਆਂ ਕਿਉਂਕਿ ਕਿਸਾਨ ਪਹਿਲੀ ਚੁਗਾਈ  ਇਕੱਠੀ ਕਰਕੇ ਵੇਚਣ ਲਈ ਅਜੇ ਘਰੇ ਰੱਖ ਰਹੇ ਹਨ। ਉਨ੍ਹਾਂ ਕਿਹਾ ਅਗਲੇ ਹਫ਼ਤੇ ਤੱਕ ਇਸ ਦੀ ਆਮਦ ’ਚ ਤੇਜ਼ੀ ਆ ਜਾਵੇਗੀ ਤੇ ਹੋਰ ਕਾਰਖਾਨੇਦਾਰ ਖਰੀਦ ਲਈ ਮੰਡੀ ’ਚ ਆ ਜਾਣਗੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All