ਬੀਰਬਲ ਰਿਸ਼ੀ
ਸ਼ੇਰਪੁਰ, 12 ਫਰਵਰੀ
ਬਲਾਕ ਸ਼ੇਰਪੁਰ ਦਾ ਪਿੰਡ ਸਲੇਮਪੁਰ, ਹਲਕਾ ਮਹਿਲ ਕਲਾਂ (ਰਾਖਵਾਂ) ਨਾਲ ਸਬੰਧਤ ਹੈ ਜਿੱਥੋਂ ਦੀ ਵੋਟ ਤਕਰੀਬਨ 11 ਸੌ ਦੇ ਕਰੀਬ ਹੈ ਪਰ ਲੋਕਾਂ ਨੂੰ ਹੁਕਮਰਾਨ ਪਾਰਟੀ ਤੋਂ ਗਿਲਾ ਹੈ ਕਿ ਆਜ਼ਾਦੀ ਦੇ 74 ਵਰ੍ਹੇ ਬੀਤ ਜਾਣ ਮਗਰੋਂ ਵੀ ਇਹ ਪਿੰਡ ਕਈ ਮੁੱਢਲੀਆਂ ਸਹੂਲਤਾਂ ਲਈ ਜੂਝ ਰਿਹਾ ਹੈ।
ਕੋਆਪਰੇਟਿਵ ਸੁਸਾਇਟੀ ਸਲੇਮਪੁਰ ਦੇ ਪ੍ਰਧਾਨ ਹਰਬੰਸ ਸਿੰਘ ਸ਼ੇਰਪੁਰ ਨੇ ਦੱਸਿਆ ਕਿ ਪਿੰਡ ਦਾ ਲਗਭਗ ਵੱਡਾ ਹਿੱਸਾ ਰਕਬਾ ਨਹਿਰੀ ਪਾਣੀ ਨਾਲ ਜੁੜਿਆ ਹੋਇਆ ਹੈ ਪਰ ਕਿਸਾਨਾਂ ਦੇ ਖੇਤ ਨਹਿਰੀ ਪਾਣੀ ਤੋਂ ਪਿਆਸੇ ਰਹਿ ਜਾਂਦੇ ਹਨ ਕਿਉਂਕਿ ਰਜਵਾਹੇ ਦਾ ਪਾਣੀ ਮਹਿਜ਼ ਤਿੰਨ ਮਹੀਨੇ ਹੀ ਮਿਲਦਾ ਹੈ। ਇਸੇ ਤਰ੍ਹਾਂ ਨਹਿਰੀ ਖਾਲ ਬਣਾਏ ਜਾਣ ਲਈ ਲੋਕਾਂ ਤੋਂ 10 ਪ੍ਰਤੀਸ਼ਤ ਮੈਚਿੰਗ ਗਰਾਂਟ ਦੇ ਪੈਸੇ ਭਰਵਾਏ ਜਾਣ ਦੇ ਬਾਵਜੂਦ ਹਾਲੇ ਵੀ ਪੰਜਾਹ ਫੀਸਦੀ ਨਹਿਰੀ ਖਾਲ ਪੱਕੇ ਨਹੀਂ ਹੋਏ ਜਿਸ ਕਰਕੇ ਲੋਕਾਂ ਵਿੱਚ ਰੋਸ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਲਈ ਉਨ੍ਹਾਂ ਦੇ ਮਰਹੂਮ ਪਿਤਾ ਭਗਤ ਸਿੰਘ ਦੀ ਯਾਦ ’ਚ ਬਣਾਏ ਗਏ ਸਟੇਡੀਅਮ ਲਈ ਲੋਕ ਸਭਾ ਮੈਂਬਰ ਹੁੰਦੇ ਹੋਏ ਸਿਮਰਨਜੀਤ ਸਿੰਘ ਮਾਨ ਨੇ ਗਰਾਂਟ ਦਿੱਤੀ ਪਰ ਬਾਅਦ ਵਿੱਚ ਖਸਤਾ ਹਾਲਤ ਹੋਏ ਸਟੇਡੀਅਮ ਦੀ ਸਮੇਂ ਦੀ ਸਰਕਾਰ ਵੱਲੋਂ ਸਾਰ ਨਾ ਲਏ ਜਾਣ ’ਤੇ ਮਰਹੂਮ ਦੇ ਪਰਿਵਾਰ ਨੂੰ ਖੁਦ ਮੁਰੰਮਤ ਕਰਵਾਉਣੀ ਪਈ। ਪਿੰਡ ਦੇ ਨੌਜਵਾਨ ਆਗੂ ਮਨਪ੍ਰੀਤ ਢਿੱਲੋਂ ਨੇ ਦੱਸਿਆ ਕਿ ਸਲੇਮਪੁਰ ਨੂੰ ਨੌਵੇਂ ਤੇ ਦਸਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਪਿੰਡ ਮੂਲੋਵਾਲ ਨਾਲ ਜੋੜਦੀ ਸੜਕ ਦਾ ਤਿੰਨ ਕਿਲੋਮੀਟਰ ਟੋਟਾ ਵੀ ਸਰਕਾਰ ਨਹੀਂ ਬਣਾ ਸਕੀ।
ਪਿੰਡ ਵਿਚਲਾ ਸਰਕਾਰੀ ਮਿਡਲ ਸਕੂਲ ਅਪਗਰੇਡ ਕਰਨ ਦੀ ਮੰਗ ’ਤੇ ਵੀ ਸਰਕਾਰ ਨੇ ਕੋਈ ਗੌਰ ਨਹੀਂ ਕੀਤਾ ਜਿਸ ਕਰਕੇ ਬੱਚਿਆਂ ਨੂੰ ਪੰਜ ਕਿਲੋਮੀਟਰ ਦੂਰ ਘਨੌਰੀ ਕਲਾਂ ਸਕੂਲ ਪੜ੍ਹਨ ਜਾਣਾ ਪੈਂਦਾ ਹੈ। ਪਿੰਡ ਤੋਂ ਕਾਲਾਬੂਲਾ ਕੱਚੇ ਰਸਤੇ ’ਤੇ ਛੇ ਸੱਤ ਘਰ ਤੇ ਰਜਵਾਹੇ ਨਾਲ ਗੈਸ ਏਜੰਸੀ ਹੈ ਜਿਸ ਕਰਕੇ ਖੜਵੰਜਿਆਂ ਲਈ ਗਰਾਂਟ ਮਿਲਣੀ ਚਾਹੀਦੀ ਹੈ। ਸਲੇਮਪੁਰ ਤੋਂ ਡੇਢ ਕਿਲੋਮੀਟਰ ਦੂਰੀ ’ਤੇ ਅਲਾਲ ਸਟੇਸ਼ਨ ’ਤੇ ਸਿਰਫ਼ ਯਾਤਰੀ ਗੱਡੀਆਂ ਰੁਕਦੀਆਂ ਹਨ, ਜੇਕਰ ਇੱਥੇ ਲੰਬੇ ਰੂਟ ਦੀਆਂ ਗੱਡੀਆਂ ਰੁਕਣ ਤਾਂ ਕਈ ਪਿੰਡਾਂ ਦਾ ਸੈਂਟਰ ਹੋਣ ਕਾਰਨ ਸਟੇਸ਼ਨ ਕਾਮਯਾਬ ਹੋ ਸਕਦਾ ਹੈ। ਸਲੇਮਪੁਰ ਦੇ ਪਟਵਾਰਖਾਨੇ ਦੀ ਢਹਿਣ ਕਿਨਾਰੇ ਇਮਾਰਤ ਕਾਰਨ ਲੰਬੇ ਸਮੇਂ ਤੋਂ ਪਟਵਾਰੀ ਸ਼ੇਰਪੁਰ ਹੀ ਬੈਠਦਾ ਹੈ ਜਿਸ ਨੂੰ ਪਿੰਡ ਭੇਜਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਪਿੰਡ ਦੇ ਸਰਪੰਚ ਰੁਲਦਾ ਸਿੰਘ ਨੇ ਪਿੰਡ ਨੂੰ ਆਈ 30 ਲੱਖ ਦੀ ਗਰਾਂਟ ਨਾਲ ਨੁਹਾਰ ਬਦਲਣ ਦਾ ਦਾਅਵਾ ਕਰਦਿਆਂ ਕਿਹਾ ਕਿ ਦਾਣਾ ਮੰਡੀ ਦੇ ਫੜ੍ਹ ਦਾ ਬਕਾਇਆ ਹਿੱਸਾ ਪੱਕਾ ਕਰਨ, ਪਿੰਡ ’ਚ ਪਸ਼ੂ ਡਿਸਪੈਂਸਰੀ ਚਾਲੂ ਕਰਨ, ਬੈਂਕ ਦੀ ਸਹੂਲਤ ਦੇਣ ਅਤੇ ਸਰਕਾਰੀ ਬੱਸ ਸੇਵਾ ਚਾਲੂ ਕਰਨ ਦੀ ਮੰਗ ਉਠਾਈ।