ਬੀਰਬਲ ਰਿਸ਼ੀ
ਸ਼ੇਰਪੁਰ, 19 ਅਪਰੈਲ
ਪਿੰਡ ਟਿੱਬਾ ਦੇ ਗੰਡੇਵਾਲ ਚੌਕ ਵਿੱਚ ਸਿਹਤ ਕਰਮਚਾਰੀਆਂ ਤੇ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਨਾਕਾ ਲਗਾ ਕੇ ਬਿਨਾ ਮਾਸਕ ਵਾਲੇ ਅਤੇ ਦੋ-ਪਹੀਆ ਵਾਹਨਾਂ ’ਤੇ ਇੱਕ ਤੋਂ ਵੱਧ ਸਫ਼ਰ ਕਰਦੇ ਰਾਹਗੀਰਾਂ ਦੇ ਜਬਰੀ ਕਰੋਨਾਵਾਇਰਸ ਦੇ ਟੈਸਟ ਲਈ ਨਮੂਨੇ ਲਏ ਜਾਣ ਦਾ ਮਾਮਲਾ ਅੱਜ ਉਦੋਂ ਭੱਖ ਗਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਇਸ ਨਾਕੇ ਦਾ ਤਿੱਖਾ ਵਿਰੋਧ ਕਰਦਿਆਂ ਸ਼ੇਰਪੁਰ-ਰਾਏਕੋਟ ਸੜਕ ’ਤੇ ਬੈਠ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬੀਕੇਯੂ ਏਕਤਾ (ਉਗਰਾਹਾਂ) ਦੇ ਬਲਾਕ ਵਿੱਤ ਸਕੱਤਰ ਰਣਜੀਤ ਸਿੰਘ ਟਿੱਬਾ ਨੇ ਕਿਹਾ ਕਿ ਕਿਸਾਨ ਆਪਣੇ ਖੇਤਾਂ ਵਿੱਚੋਂ ਕਣਕ ਤੇ ਤੂੜੀ ਕਿਉਂਟਣ ਵਿੱਚ ਲੱਗੇ ਹੋਏ ਹਨ ਪਰ ਸਿਹਤ ਕਰਮੀਆਂ ਤੇ ਪੁਲੀਸ ਵੱਲੋਂ ਲੋਕਾਂ ਦੇ ਜਬਰੀ ਕਰੋਨਾ ਟੈਸਟ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਜਥੇਬੰਦੀ ਦੇ ਵਿਰੋਧ ਮਗਰੋਂ ਸਿਹਤ ਕਰਮਚਾਰੀ ਤੇ ਪੁਲੀਸ ਆਪਣਾ ਨਾਕਾ ਛੱਡ ਕੇ ਚਲੇ ਗਏ। ਧਰਨਾਕਾਰੀ ਕਿਸਾਨਾਂ ਨੂੰ ਅਮਨਦੀਪ ਸਿੰਘ, ਭੋਲਾ ਤੇ ਲਾਡੀ ਆਦਿ ਆਗੂਆਂ ਨੇ ਸੰਬੋਧਨ ਕੀਤਾ। ਥਾਣਾ ਸ਼ੇਰਪੁਰ ਦੇ ਏਐੱਸਆਈ ਅਵਤਾਰ ਸਿੰਘ ਨੇ ਕਿਸਾਨ ਜਥੇਬੰਦੀ ਦੇ ਵਿਰੋਧ ਮਗਰੋਂ ਨਾਕੇ ਤੋਂ ਵਾਪਸ ਆਉਣ ਦੀ ਪੁਸ਼ਟੀ ਕੀਤੀ।
ਉੱਧਰ, ਸਿਹਤ ਵਿਭਾਗ ਦੇ ਐੱਮਪੀਐੱਚਡਬਲਿਊ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਬਿਨਾ ਮਾਸਕ ਸੜਕ ’ਤੇ ਜਾਂਦੇ ਰਾਹਗੀਰਾਂ ਦੇ ਕੋਵਿਡ-19 ਦੀ ਜਾਂਚ ਲਈ ਨਮੂਨੇ ਲੈ ਰਹੇ ਸਨ ਪਰ ਕਿਸਾਨ ਜਥੇਬੰਦੀ ਵੱਲੋਂ ਕੀਤੀ ਗਈ ਨਾਅਰੇਬਾਜ਼ੀ ਮਗਰੋਂ ਪੈਦਾ ਹੋਏ ਮਾਹੌਲ ਦੇ ਮੱਦੇਨਜ਼ਰ ਉਹ ਵਾਪਸ ਆ ਗਏ। ਉਂਜ ਉਨ੍ਹਾਂ ਨਾਕੇ ਦੌਰਾਨ 31 ਜਾਣਿਆਂ ਦੀ ਸੈਂਪਲਿੰਗ ਕੀਤੀ ਹੈ ਅਤੇ ਮਾਸਕ ਵੀ ਵੰਡੇ।
ਪੁਲੀਸ ਨੇ ਮਾਸਕ ਨਾ ਪਾਉਣ ਵਾਲੇ 50 ਜਣਿਆਂ ਦੇ ਕਰਵਾਏ ਟੈਸਟ
ਕੁੱਪ ਕਲਾਂ (ਕੁਲਵਿੰਦਰ ਸਿੰਘ ਗਿੱਲ): ਥਾਣਾ ਅਹਿਮਦਗੜ੍ਹ ਸਦਰ ਵੱਲੋਂ ਕੋਵਿਡ-19 ਦੇ ਖਤਰੇ ਨੂੰ ਦੇਖਦੇ ਹੋਏ ਮੁੱਖ ਮਾਰਗ ਕੁੱਪ ਕਲਾਂ ’ਤੇ ਵਿਸ਼ੇਸ਼ ਕੈਂਪ ਲਗਾਇਆ ਗਿਆ। ਐੱਸ.ਆਈ. ਨਿਰਭੈ ਸਿੰਘ ਅਤੇ ਰਾਜੇਸ਼ ਰਿਖੀ ਨੇ ਦੱਸਿਆ ਕਿ ਇਸ ਦੌਰਾਨ ਬਿਨਾ ਮਾਸਕ ਤੋਂ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਰੋਕ ਕੇ ਉਨ੍ਹਾਂ ਨੂੰ ਕੋਵਿਡ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਦੇ ਮੌਕੇ ’ਤੇ ਮੌਜੂਦ ਸਿਹਤ ਵਿਭਾਗ ਦੀ ਟੀਮ ਕੋਲੋਂ ਕੋਵਿਡ-19 ਦੀ ਜਾਂਚ ਲਈ ਸੈਂਪਲ ਲਏ ਗਏ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ 50 ਲੋਕਾਂ ਦੇ ਸੈਂਪਲ ਲਏ ਗਏ।