ਬੀਰਬਲ ਰਿਸ਼ੀ
ਸ਼ੇਰਪੁਰ, 22 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸਬ-ਤਹਿਸੀਲ ਸ਼ੇਰਪੁਰ ’ਚ ਪਿੰਡ ਰੰਗੀਆਂ ਨਾਲ ਸਬੰਧਤ ਤਕਰੀਬਨ 17 ਵਿੱਘਿਆਂ ਦੀ ਰਜਿਸਟਰੀ ਰੱਦ ਕਰਨ ਦੀ ਮੰਗ ਲਈ ਜਥੇਬੰਦੀ ਨੇ ਕਈ ਘੰਟੇ ਨਾਇਬ ਤਹਿਸੀਲਦਾਰ ਦੇ ਦਫ਼ਤਰ ਦਾ ਘਿਰਾਓ ਕੀਤਾ। ਤਹਿਸੀਲਦਾਰ ਨਾਲ ਗੱਲਬਾਤ ਦੌਰਾਨ ਮਸਲੇ ਦਾ ਹੱਲ ਨਾ ਹੁੰਦਾ ਦੇਖ ਬਾਅਦ ਦੁਪਹਿਰ ਸੰਘਰਸ਼ਸ਼ੀਲ ਕਿਸਾਨਾਂ ਨੇ ਮੁਜ਼ਾਹਰੇ ਕਰਦਿਆਂ ਸ਼ੇਰਪੁਰ ਦੇ ਕਾਤਰੋਂ ਚੌਕ ਵਿੱਚ ਚੱਕਾ ਜਾਮ ਕਰ ਕੇ ਨਾਅਰੇਬਾਜ਼ੀ ਕੀਤੀ।
ਧਰਨਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਹੇੜੀਕੇ, ਜਨਰਲ ਸਕੱਤਰ ਬਲਵਿੰਦਰ ਸਿੰਘ ਕਾਲਾਬੂਲਾ ਤੇ ਮੀਤ ਪ੍ਰਧਾਨ ਨਾਜਰ ਸਿੰਘ ਠੁੱਲੀਵਾਲ ਨੇ ਦੱਸਿਆ ਕਿ ਕਾਲਾਬੂਲਾ ਪਿੰਡ ਤੋਂ ਰੰਗੀਆਂ ਵਿੱਚ ਇੱਕ ਲੜਕੀ ਵਿਆਹੀ ਹੋਈ ਹੈ ਜਿਸ ਦਾ ਪਤੀ, ਹੋਰ ਔਰਤ ਨਾਲ ਕਥਿਤ ਸਬੰਧਾਂ ਦੇ ਮੱਦੇਨਜ਼ਰ ਘਰੋਂ ਗਾਇਬ ਹੈ। ਜ਼ਮੀਨ ਵੇਚੇ ਜਾਣ ਦੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਸਬੰਧਤ ਨਾਇਬ ਤਹਿਸੀਲਦਾਰ ਸ਼ੇਰਪੁਰ ਨੂੰ ਰਜਿਸਟਰੀ ਨਾ ਕਰਨ ਸਬੰਧੀ ਅਗਾਊਂ ਲਿਖਤੀ ਤੇ ਜ਼ੁਬਾਨੀ ਤੌਰ ’ਤੇ ਕਿਹਾ ਗਿਆ ਸੀ, ਫਿਰ ਵੀ ਰਜਿਸਟਰੀ ਕੀਤੀ ਗਈ। ਆਗੂਆਂ ਦੱਸਿਆ ਕਿ ਇਹ ਰਜਿਸਟਰੀ ਫੌਰੀ ਰੱਦ ਹੋਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਸਬੰਧਤ ਲੜਕੀ ਤੇ ਉਸ ਦੇ ਬੱਚਿਆਂ ਦਾ ਬਣਦਾ ਹੱਕ ਮਾਰਿਆ ਗਿਆ ਹੈ। ਆਗੂਆਂ ਨੇ ਸ਼ਾਮ ਪੰਜ ਵਜੇ ਤਿੱਖੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਛੇਤੀ ਹੀ ਉਲੀਕੇ ਜਾਣ ਦਾ ਐਲਾਨ ਕਰਦਿਆਂ ਧਰਨਾ ਸਮਾਪਤ ਕੀਤਾ। ਧਰਨੇ ਦੌਰਾਨ ਨਾਹਰ ਸਿੰਘ ਗੁੰਮਟੀ, ਮਾਨ ਸਿੰਘ ਗੁਰਮ, ਬੀਕੇਯੂ ਡਕੌਂਦਾ ਦੇ ਬਲਵੰਤ ਸਿੰਘ ਛੰਨਾ ਤੇ ਸਾਬਕਾ ਸਰਪੰਚ ਜਸਮੇਲ ਬੜੀ ਨੇ ਵੀ ਹਾਜ਼ਰੀ ਲਗਵਾਈ।
ਨਿਯਮਾਂ ਅਨੁਸਾਰ ਹੋਈ ਰਜਿਸਟਰੀ: ਤਿਵਾੜੀ
ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਨੇ ਰਜਿਸਟਰੀ ਨਿਯਮਾਂ ਅਨੁਸਾਰ ਹੋਣ ਦਾ ਦਾਅਵਾ ਕਰਦਿਆਂ ਦੱਸਿਆ ਕਿ ਭਾਵੇਂ ਜਨਵਰੀ ਮਹੀਨੇ ਸਬੰਧਤ ਵਸੀਕਾ ਤਸਦੀਕ ਨਾ ਕਰਨ ਦੀ ਲਿਖ਼ਤੀ ਦਰਖਾਸਤ ਦਿੱਤੀ ਗਈ ਪਰ ਉਸੇ ਸਮੇਂ ਕਿਸਾਨ ਆਗੂਆਂ ਨੂੰ ਸਪਸ਼ੱਟ ਦੱਸ ਦਿੱਤਾ ਗਿਆ ਸੀ। ਨਿਯਮਾਂ ਅਨੁਸਾਰ ਬਿਨਾਂ ਅਦਾਲਤੀ ਹੁਕਮਾਂ ਦੇ ਰਜਿਸਟਰੀ ਰੋਕਣਾ, ਨਾਇਬ ਤਹਿਸੀਲਦਾਰ ਦੇ ਅਧਿਕਾਰ ਖੇਤਰ ਵਿੱਚ ਨਹੀਂ।