ਰਮੇਸ਼ ਭਾਰਦਵਾਜ
ਲਹਿਰਾਗਾਗਾ, 18 ਨਵੰਬਰ
ਪਿੰਡ ਸੰਗਤਪੁਰਾ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੈਂਕੜੇ ਕਾਰਕੁਨ ਦੋ ਬੱਸਾਂ ਭਰ ਕੇ ਜਥੇਬੰਦੀ ਵੱਲੋਂ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਦੀ ਪੰਜਾਬ ਆਮਦ, ਪਰਾਲੀ ਸਾੜਨ ਖਿਲਾਫ਼ ਦਰਜ ਕੀਤੇ 700 ਕੇਸਾਂ ਨੂੰ ਰੱਦ ਕਰਨ, ਰੇਲ ਰੋਕਣ ਸਬੰਧੀ ਦਰਜ ਕੇਸਾਂ ਅਤੇ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਜ਼ਿਲ੍ਹਾ ਪੱਧਰੀ ਧਰਨੇ ਅਤੇ ਡੀਸੀ ਸੰਗਰੂਰ ਨੂੰ ਮੰਗ ਪੱਤਰ ਦੇਣ ਲਈ ਨਾਅਰੇਬਾਜ਼ੀ ਕਰਦੇ ਹੋਏ ਸੰਗਰੂਰ ਰਵਾਨਾ ਹੋਏ। ਜਥੇਬੰਦੀ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੋਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਕਰੋ ਜਾਂ ਮਰੋ ਅਧੀਨ ਮੋਦੀ ਦੇ ਸਾਥੀ ਕਾਰਪੋਰੇਟਰਾਂ ਦੇ ਪੰਪਾਂ ਅੱਗੇ 50 ਦਿਨ ਤੋਂ ਲਗਾਤਾਰ ਧਰਨੇ ਜਾਰੀ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਸਰਕਾਰ ਆਪਣੇ ਅੜੀਅਲ ਵਤੀਰੇ ਕਰਕੇ ਕਿਸਾਨਾਂ ਨੂੰ ਲਗਾਤਾਰ ਸੰਘਰਸ਼ ਕਰਨ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ 21, 22, 23 ਨੂੰ ਪਿੰਡਾਂ ’ਚ ਮੁਜ਼ਾਹਰੇ ਅਤੇ ਮਸ਼ਾਲ ਮਾਰਚ ਦੀ ਪੂਰੀ ਤਿਆਰੀ ਹੈ ਅਤੇ ਜਥੇਬੰਦੀ ਦੇ ਲੱਖਾਂ ਕਾਰਕੁਨ 26 ਨਵੰਬਰ ਨੂੰ ਖਨੌਰੀ ਦੇ ਰਸਤੇ ਦਿੱਲੀ ਵੱਲ ਮਾਰਚ ਕਰਨ ਲਈ ਵਚਨਬੱਧ ਹਨ।