ਗੁਰਦੀਪ ਸਿੰਘ ਲਾਲੀ
ਸੰਗਰੂਰ, 14 ਮਈ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਧਰਨਿਆਂ ’ਚ ਕਿਸਾਨ ਜਥੇਬੰਦੀਆਂ ਨੇ ਦੋਸ਼ ਲਾਇਆ ਹੈ ਕਿ ਦੇਸ਼ ਵਿਚ ਜਿਥੇ ਕਰੋਨਾ ਮਹਾਮਾਰੀ ਤੋਂ ਪੀੜਤ ਲੋਕਾਂ ਦੇ ਇਲਾਜ ਲਈ ਪੁਖ਼ਤਾ ਪ੍ਰਬੰਧ ਕਰਨ ਵਿਚ ਕੇਂਦਰ ਸਰਕਾਰ ਫੇਲ੍ਹ ਸਾਬਤ ਹੋਈ ਹੈ ਉਥੇ ਪੰਜ ਰਾਜਾਂ ਦੀਆਂ ਅਸੈਂਬਲੀ ਚੋਣਾਂ ਦੌਰਾਨ ਕੇਂਦਰੀ ਹਕੂਮਤ ਦੀ ਲਾਪ੍ਰਵਾਹੀ ਮੌਜੂਦਾ ਹਾਲਾਤ ਲਈ ਜ਼ਿੰਮੇਵਾਰ ਹੈ।ਕਿਸਾਨ ਆਗੂਆਂ ਨੇ ਦੇਸ਼ ਨੂੰ ਮਾੜੇ ਦੌਰ ’ਚ ਧੱਕਣ ਵਾਲੇ ਹਾਕਮਾਂ ਤੋਂ ਨਿਜ਼ਾਤ ਪਾਉਣ ਲਈ ਹਰ ਵਰਗ ਦੇ ਲੋਕਾਂ ਨੂੰ ਸੰਘਰਸ਼ ਵਿੱਚ ਕੁੱਦਣ ਦਾ ਸੱਦਾ ਦਿੱਤਾ ਹੈ। 31 ਕਿਸਾਨ ਜਥੇਬੰਦੀਆਂ ਵਲੋਂ ਰੇਲਵੇ ਸਟੇਸ਼ਨ ਨੇੜੇ ਰੋਸ ਧਰਨਾ ਜਾਰੀ ਹੈ ਜਦੋਂ ਕਿ ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਕਿਸਾਨ ਬੀਬੀਆਂ ਤੇ ਕਿਸਾਨ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ ਪੱਕੇ ਮੋਰਚੇ ’ਤੇ ਡਟੇ ਹੋਏ ਹਨ।ਕਿਸਾਨ ਜਥੇਬੰਦੀਆਂ ਦੇ ਰੋਸ ਧਰਨੇ ਨੂੰ ਨਿਰਮਲ ਸਿੰਘ ਬਟੜਿਆਣਾ, ਇੰਦਰਪਾਲ ਸਿੰਘ ਪੁੰਨਾਂਵਾਲ, ਮੱਘਰ ਸਿੰਘ ਉਭਾਵਾਲ, ਰਾਮ ਸਿੰਘ ਸੋਹੀਆਂ, ਰੋਹੀ ਸਿੰਘ ਮੰਗਵਾਲ ਆਦਿ ਨੇ ਸੰਬੋਧਨ ਕੀਤਾ ਜਦੋਂ ਕਿ ਭਾਕਿਯੂ ਏਕਤਾ ਉਗਰਾਹਾਂ ਦੇ ਧਰਨੇ ਨੂੰ ਸਰੂਪ ਚੰਦ ਕਿਲਾ ਭਰੀਆਂ, ਗੋਬਿੰਦਰ ਸਿੰਘ ਮੰਗਵਾਲ, ਲਾਭ ਸਿੰਘ ਖੁਰਾਣਾ, ਕਰਮਜੀਤ ਮੰਗਵਾਲ, ਗੋਬਿੰਦਰ ਸਿੰਘ ਬਡਰੁੱਖਾਂ, ਹਰਦੇਵ ਸਿੰਘ ਕੁਲਾਰਾਂ, ਗੁਰਮੇਲ ਕੌਰ, ਕਰਨੈਲ ਕੌਰ, ਕਰਮਜੀਤ ਕੌਰ, ਕੁਲਵੰਤ ਕੌਰ ਤੇ ਜਗਸੀਰ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕਰੋਨਾ ਮਹਾਮਾਰੀ ਤੋਂ ਪੀੜਤ ਲੋਕਾਂ ਦੇ ਇਲਾਜ ਦੇ ਪੁਖਤਾ ਪ੍ਰਬੰਧ ਕਰਨ ਵਿਚ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਨਾਕਾਮੀ ਛੁਪਾਉਣ ਲਈ ਕਿਸਾਨਾਂ ਉਪਰ ਕਰੋਨਾ ਫੈਲਾਉਣ ਦੇ ਦੋਸ਼ ਲਗਾ ਰਹੀ ਹੈ ਜਦੋਂ ਕਿ ਪੰਜ ਰਾਜਾਂ ਦੀਆਂ ਅਸੈਂਬਲੀ ਚੋਣਾਂ ਵਿੱਚ ਭਾਜਪਾ ਨੇ ਆਪਣੀਆਂ ਵੱਡੀਆਂ ਰੈਲੀਆਂ ਵਿਚ ਕੋਵਿਡ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਉੱਤਰ ਪ੍ਰਦੇਸ਼ ਵਿਚ ਹੀ ਭਾਜਪਾ ਦੀ ਸਰਕਾਰ ਨੇ ਕੁੰਭ ਦੇ ਮੇਲੇ ਦੌਰਾਨ ਵੱਡੇ ਇਕੱਠ ਕਰਕੇ ਕਰੋਨਾ ਫੈਲਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਦਿੱਲੀ ਵਿਚ ਚੱਲ ਰਹੇ ਸੰਘਰਸ਼ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ।
17 ਨੂੰ ਕੌਮੀ ਮਾਰਗ ਜਾਮ ਕਰਨ ਦਾ ਐਲਾਨ
ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): ਪੰਜਾਬ ਸਰਕਾਰ ਵੱਲੋਂ ਜੰਮੂ ਕੱਟੜਾ ਐਕਸਪ੍ਰੈਸ ਵੇਅ ਲਈ ਕਿਸਾਨਾਂ ਤੋਂ ਬਹੁਤ ਘੱਟ ਰੇਟ ਤੇ ਜਬਰੀ ਜ਼ਮੀਨ ਖੋਹਣ ਦੇ ਵਿਰੋਧ ਵਿੱਚ ਕਿਸਾਨ ਸੰਘਰਸ਼ ਕਮੇਟੀ ਜ਼ਿਲ੍ਹਾ ਸੰਗਰੂਰ ਵੱਲੋਂ 17 ਮਈ ਨੂੰ ਇੱਥੋਂ ਨੇੜਲੇ ਪਿੰਡ ਰੋਸ਼ਨਵਾਲਾ ਵਿਖੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਅਣਮਿੱਥੇ ਸਮੇਂ ਲਈ ਜਾਮ ਲਗਾਇਆ ਜਾਵੇਗਾ। ਰੋਸ਼ਨਵਾਲਾ ਵਿਖੇ ਪੱਕੇ ਧਰਨੇ ਤੇ ਮੀਟਿੰਗ ਉਪਰੰਤ ਇਸ ਸਬੰਧੀ ਜਾਣਕਾਰੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ, ਗੁਰਨੈਬ ਸਿੰਘ ਫੱਗੂਵਾਲਾ, ਦਰਸ਼ਨ ਸਿੰਘ ਕਮਾਲਪੁਰ, ਗਿਆਨ ਸਿੰਘ ਭਵਾਨੀਗੜ੍ਹ ,ਅਨੋਖ ਸਿੰਘ ਵਿਰਕ, ਜਸਵਿੰਦਰ ਸਿੰਘ ਜੱਸੀ, ਮਾਸਟਰ ਨਿਰਪਾਲ ਸਿੰਘ, ਸੁਖਦੇਵ ਸਿੰਘ ਅਤੇ ਕਰਮਜੀਤ ਸਿੰਘ ਢਿੱਲੋਂ ਨੇ ਦਿੱਤੀ।