ਰਮੇਸ਼ ਭਾਰਦਵਾਜ
ਲਹਿਰਾਗਾਗਾ, 15 ਮਈ
ਦਿੱਲੀ ਦੇ ਟਿੱਕਰੀ ਬਾਰਡਰ ’ਤੇ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਚਲਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੋਢੀਆਂ ’ਚੋਂ ਇੱਕ ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਜਿਥੇ ਸੰਘਰਸ਼ ਦੀ ਸਫਲਤਾ ਲਈ ਕਾਰਜਸ਼ੀਲ ਹੈ ਉਥੇ ਥੋੜਾ ਬਹੁਤ ਸਮਾਂ ਕੱਢਕੇ ਪਿੰਡ ਛਾਜਲਾ ’ਚ ਆਪਣੇ ਪਰਿਵਾਰ ਅਤੇ ਖੇਤੀ ਲਈ ਵੀ ਜਾਗਰੂਕ ਹੈ। ਸ਼੍ਰੀ ਛਾਜਲਾ ਨੇ ਕੱਲ ਦੋ ਵਜੇ 15 ਦਿਨਾਂ ਮਗਰੋਂ ਦਿੱਲੀ ਤੋੋਂ ਪਰਤ ਕੇ ਚਾਰ ਘੰਟਿਆਂ ’ਚ ਆਪਣੀ ਸੱਤ ਏਕੜ ਤੋਂ ਵੱਧ ਜ਼ਮੀਨ ਨੂੰ ਜੀਰੋ ਡਰਿਲ ਮਸ਼ੀਨ ਨਾਲ ਪੂਸਾ 44 ਬੀਜ ਕੇ ਦੂਜੇ ਕਿਸਾਨਾਂ ਨੂੰ ਸਿੱਧੀ ਬੀਜਾਈ ਲਈ ਜਾਗਰੂਕ ਕੀਤਾ।ਉਸਦਾ ਕਹਿਣਾ ਹੈ ਕਿ ਉਹ ਦਿੱਲੀ ਸੰਘਰਸ਼ ’ਚ ਪਹਿਲੇ ਦਿਨ ਤੋਂ ਸ਼ਾਮਲ ਹੋਕੇ ਸਟੇਜ ਚਲਾਉਣ ਅਤੇ ਹੋਰ ਪ੍ਰਬੰਧਾਂ ਲਈ ਜਿੰਮੇਂਵਾਰੀ ਨਿਭਾਅ ਰਿਹਾ ਹੈ। ਕਣਕ ਦੀ ਕਟਾਈ ਸਮੇਂ ਉਹ 16 ਅਪਰੈਲ ਨੂੰ ਵਾਪਸ ਪਿੰਡ ਆਇਆ ਸੀ ਤੇ ਕਣਕ ਕੱਟ, ਵੇਚ, ਪਸ਼ੂਆਂ ਦੇ ਆਚਾਰ ਲਈ ਤਿੰਨ ਏਕੜ ’ਚ ਮੱਕੀ ਬੀਜਕੇ 26 ਅਪਰੈਲ ਨੂੰ ਵਾਪਸ ਦਿੱਲੀ ਪਹੁੰਚਕੇ ਮੋਰਚੇ ਦੀ ਜਿੰਮੇਂਵਾਰੀ ਸੰਭਾਲੀ ਜੋਕਿ ਕਿਸਾਨਾਂ ਅਤੇ ਆਗੂਆਂ ਲਈ ਇੱਕ ਰਾਹ ਦਰਸਾਵੇ ਦਾ ਕੰਮ ਕਰ ਰਿਹਾ ਹੈ।