ਹਰਦੀਪ ਸਿੰਘ ਸੋਢੀ
ਧੂਰੀ, 17 ਅਕਤੂਬਰ
ਸ਼ਹਿਰ ਦੇ ਵਿਚਕਾਰ ਸੰਗਰੂਰ ਵਾਲੀ ਕੋਠੀ ਦੇ ਨਾਂ ਨਾਲ ਮਸ਼ਹੂਰ ਬਿਲਡਿੰਗ ਅੱਜ-ਕੱਲ੍ਹ ਬੇਕਾਰ ਪਈ ਹੈ। ਜ਼ਿਲ੍ਹਾ ਪ੍ਰਸ਼ਾਸਨ ਦਾ ਕਬਾੜ ਇਸ ਕੋਠੀ ਅੰਦਰ ਪਿਆ ਹੈ, ਪਰ ਹੁਣ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਇਸ ਬਿਲਡਿੰਗ ਦੀ ਕਾਇਆ-ਕਲਪ ਕਰਨ ਦੀ ਮੰਗ ਜ਼ੋਰ ਫੜਨ ਲੱਗੀ ਹੈ। ਸ਼ਹਿਰ ਦੇ ਬੁੱਧੀਜੀਵੀਆਂ ਕਿਰਪਾਲ ਸਿੰਘ ਰਾਜੋਮਾਜਰਾ, ਜਗਦੀਸ਼ ਸ਼ਰਮਾ, ਹਰਬੰਸ ਸਿੰਘ ਸੋਢੀ ਧੂਰੀ ਆਦਿ ਨੇ ਕਿਹਾ ਸੰਗਰੂਰ ਵਾਲੀ ਕੋਠੀ ਕਰੀਬ ਅੱਠ-ਦਸ ਵਿੱਘੇ ਵਿੱਚ ਬਣੀ ਹੋਈ, ਪਰ ਇਸ ਦਾ ਬਹੁਤਾ ਹਿੱਸਾ ਵਰਤੋਂ ਵਿੱਚ ਨਹੀਂ ਹੈ, ਸਿਰਫ਼ ਡੀਐੱਸਪੀ ਧੂਰੀ ਦੇ ਦਫ਼ਤਰ ਤੋਂ ਇਲਾਵਾ ਇਸ ਬਿਲਡਿੰਗ ਨੂੰ ਸਰਕਾਰੀ ਕਾਰ ਪਾਰਕਿੰਗ ਲਈ ਵਰਤਿਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਜਦੋਂ ਤੋਂ ਸ਼ਹਿਰ ਦੀਆਂ ਕਚਹਿਰੀਆਂ ਤੇ ਮਾਲ ਵਿਭਾਗ ਦੇ ਦਫ਼ਤਰ ਨਵੀਂ ਬਿਲਡਿੰਗ ਵਿੱਚ ਸ਼ਿਫਟ ਹੋਏ ਹਨ, ਉਸ ਤੋਂ ਬਾਅਦ ਸ਼ਹਿਰ ਦੇ ਵਪਾਰੀਆਂ ਦਾ ਵਪਾਰ ਕੁਝ ਘਾਟੇ ਵਿੱਚ ਗਿਆ ਹੈ। ਉਨ੍ਹਾਂ ਕਿਹਾ ਇਸ ਸੰਗਰੂਰ ਵਾਲੀ ਕੋਠੀ ਦੀ ਬਿਲਡਿੰਗ ਵਿੱਚ ਪਟਵਾਰੀਆਂ ਤੋਂ ਇਲਾਵਾ ਐੱਸਡੀਐੱਮ ਦਫ਼ਤਰ ਤੇ ਹੋਰ ਅਹਿਮ ਦਫ਼ਤਰ ਇਸ ਬਿਲਡਿੰਗ ਵਿੱਚ ਆਸਾਨੀ ਨਾਲ ਬਣ ਸਕਦੇ ਹਨ ਪਰ ਸਰਕਾਰਾਂ ਨੇ ਸ਼ਹਿਰ ਦੇ ਲੋਕਾਂ ਦੀਆਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਜੇਕਰ ਇਸ ਬਿਲਡਿੰਗ ਵਿੱਚ ਸਰਕਾਰੀ ਦਫ਼ਤਰ ਬਣ ਜਾਂਦੇ ਹਨ ਤਾਂ ਇਸ ਨਾਲ ਲੋਕਾਂ ਨੂੰ ਲਾਭ ਮਿਲਣ ਦੇ ਨਾਲ ਨਾਲ ਦੁਕਾਨਦਾਰਾਂ ਨੂੰ ਵੀ ਫਾਇਦਾ ਹੋਵੇਗਾ। ਦੂਜੇ ਪਾਸੇ ਧੂਰੀ ਦੇ ਕਾਰਜਸਾਧਕ ਅਫ਼ਸਰ ਨੇ ਕਿਹਾ ਕਿ ਇਹ ਬਿਲਡਿੰਗ ਭਾਵੇਂ ਨਗਰ ਕੌਂਸਲ ਦੇ ਅਧੀਨ ਆਉਂਦੀ ਹੈ ਪਰ ਇਸ ਨੂੰ ਕੰਮ-ਕਾਜ ਵਿੱਚ ਲਿਆਉਣ ਲਈ ਉਹ ਸਰਕਾਰ ਨਾਲ ਗੱਲਬਾਤ ਕਰਨਗੇ।
ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਵਾਂਗਾ: ਓਐੱਸਡੀ
ਮੁੱਖ ਮੰਤਰੀ ਦੇ ਓਐੱਸਡੀ ਉਂਕਾਰ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਉਣਗੇ ਤਾਂ ਜੋ ਇਸ ਬਿਲਡਿੰਗ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕੇ। ਦੱਸਣਯੋਗ ਹੈ ਕਿ ਪੁਰਾਣੀ ਕੋਰਟ ਕੰਪਲੈਕਸ ਵਾਲੀ ਬਿਲਡਿੰਗ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਤੇ ਲੋਕਾਂ ਵੱਲੋਂ ਉੱਥੇ ਕੋਈ ਲਾਇਬ੍ਰੇਰੀ ਖੋਲ੍ਹਣ ਦੀ ਮੰਗ ਸਰਕਾਰ ਤੋਂ ਰੱਖੀ ਗਈ ਹੈ।