ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਸਤੰਬਰ
ਮੁੱਖ ਮੰਤਰੀ ਦੇ ਹਲਕੇ ਅਧੀਨ ਕੁਝ ਲਿੰਕ ਸੜਕਾਂ ’ਚ ਕਥਿਤ ਤੌਰ ’ਤੇ ਲੁੱਕ ਘੁਟਾਲੇ ਦੀ ਗੂੰਜ਼ ਅੱਜ ਉਦੋਂ ਪੰਜਾਬ ਮੰਡੀਕਰਨ ਬੋਰਡ ਦੇ ਮੰਡਲ ਦਫ਼ਤਰ ਅੱਗੇ ਪਈ ਜਦੋਂਕਿ ਮੰਡੀਕਰਨ ਬੋਰਡ ਸੰਗਰੂਰ ਦਫ਼ਤਰ ਦੇ ਸਮੂਹ ਦਫ਼ਤਰੀ ਮੁਲਾਜ਼ਮਾਂ ਵਲੋਂ ਰੋਸ ਧਰਨਾ ਦੇ ਕੇ ਦਫ਼ਤਰ ਦੇ ਅਧਿਕਾਰੀਆਂ ’ਤੇ ਕਥਿਤ ਲੁੱਕ ਘੁਟਾਲਾ ਕਰਨ ਦੇ ਦੋਸ਼ ਲਾਉਂਦਿਆਂ ਵਿਜੀਲੈਂਸ ਤੋਂ ਜਾਂਚ ਦੀ ਮੰਗ ਕੀਤੀ ਗਈ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਦਫ਼ਤਰ ਦੇ ਇਨ੍ਹਾਂ ਅਧਿਕਾਰੀਆਂ ਦੀ ਬਦਲੀ ਕਰਕੇ ਕਥਿਤ ਲੁੱਕ ਘੁਟਾਲੇ ਦੀ ਵਿਜੀਲੈਂਸ ਤੋਂ ਜਾਂਚ ਨਾ ਕਰਵਾਈ ਗਈ ਤਾਂ ਉਹ ਸਮੁੱਚੇ ਕੰਮਾਂ ਦਾ ਬਾਈਕਾਟ ਕਰਕੇ ਰੋਸ ਧਰਨੇ ’ਤੇ ਡਟੇ ਰਹਿਣਗੇ। ਰੋਸ ਧਰਨੇ ਦੌਰਾਨ ਪੰਜਾਬ ਮੰਡੀਕਰਨ ਬੋਰਡ ਸੰਗਰੂਰ ’ਚ ਤਾਇਨਾਤ ਸੁਪਰਡੰਟ ਗ੍ਰੇਡ-1 ਭੁਪਿੰਦਰ ਕੌਰ ਨੇ ਦੱਸਿਆ ਕਿ ਧੂਰੀ-ਬਰਨਾਲਾ ਸੜਕ ਤੋਂ ਵਾਇਆ ਪੇਧਨੀ ਕਲਾਂ ਤੋਂ ਪੁੰਨਾਂਵਾਲ ਸੜਕ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਫ਼ਤਰ ਦੇ ਉੱਚ ਅਧਿਕਾਰੀ ਤੋਂ ਉਸ ਕੋਲੋਂ 75 ਲੱਖ ਰੁਪਏ ਦਾ ਜਬਰੀ ਚੈੱਕ ਕਟਾਉਣ ਦਾ ਯਤਨ ਕੀਤਾ ਗਿਆ ਪਰ ਉਸ ਵੱਲੋਂ ਇਨਕਾਰ ਕਰਨ ’ਤੇ ਗੁੱਸੇ ’ਚ ਆ ਕੇ ਚੈੱਕ ਬੁੱਕ ਲੈ ਲਈ ਤੇ ਹੋਰ ਮੁਲਾਜ਼ਮ ਤੋਂ ਚੈੱਕ ਭਰਵਾ ਲਿਆ। ਉਨ੍ਹਾਂ ਕਿਹਾ ਕਿ ਪ੍ਰੀਮਿਕਸ ਦੀ ਰਿਕਾਰਡ ’ਚ ਐਂਟਰੀ ਮਈ-2022 ’ਚ ਕੀਤੀ ਗਈ ਜਦੋਂਕਿ ਮਈ-2022 ’ਚ ਸੜਕ ’ਤੇ ਪੱਥਰ ਵੀ ਨਹੀਂ ਪਾਇਆ ਗਿਆ ਸੀ ਜਦੋਂਕਿ ਪ੍ਰੀਮਿਕਸ ਦੀ ਰਿਕਾਰਡ ’ਚ ਐਂਟਰੀ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਲਾਭ ਪਹੁੰਚਾਉਣ ਲਈ ਦਫ਼ਤਰੀ ਸਟਾਫ਼ ਨੂੰ ਧਮਕੀਆਂ ਦੇ ਕੇ ਗਲਤ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਤੋਂ ਇਲਾਵਾ ਅਧਿਕਾਰੀਆਂ ਵੱਲੋਂ ਸੀਨੀਅਰ ਸਹਾਇਕ ਨੂੰ ਵੀ ਧਮਕਾਇਆ ਜਾ ਰਿਹਾ ਹੈ। ਅਜਿਹੇ ਹਾਲਾਤ ’ਚ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹਨ।
ਦਫ਼ਤਰੀ ਮੁਲਾਜ਼ਮਾਂ ਵੱਲੋਂ ਮਾਪ ਪੁਸਤਕ ਤੇ ਰਜਿਸਟਰ ਦੀਆਂ ਕਾਪੀਆਂ ਮੁੱਖ ਮੰਤਰੀ ਨੂੰ ਭੇਜ ਕੇ ਮੰਗ ਕੀਤੀ ਹੈ ਕਿ ਰਿਕਾਰਡ ਐਂਟਰੀ ਫੋਰੈਂਸਿੰਕ ਵਿਭਾਗ ਤੋਂ ਚੈੱਕ ਕਰਵਾਈ ਜਾਵੇ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਐਕਸੀਅਨ ਤੇ ਐੱਸਡੀਓ ਦੀ ਤੁਰੰਤ ਬਦਲੀ ਕਰਕੇ ਘੁਟਾਲੇ ਦੀ ਜਾਂਚ ਵਿਜੀਲੈਂਸ ਤੋਂ ਕਰਵਾਈ ਜਾਵੇ।
ਕੀ ਕਹਿੰਦੇ ਨੇ ਮੰਡੀਕਰਨ ਬੋਰਡ ਦੇ ਐਕਸੀਅਨ
ਉਧਰ ਐਕਸੀਅਨ ਵਿਪਨ ਕੁਮਾਰ ਖੰਨਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਿਹੜੇ ਕੰਮ ਤਿੰਨ/ਚਾਰ ਮਹੀਨਿਆਂ ਤੋਂ ਪੈਡਿੰਗ ਸਨ, ਉਨ੍ਹਾਂ ਦੀ ਮੌਕੇ ’ਤੇ ਜਾ ਕੇ ਉਨ੍ਹਾਂ ਵੱਲੋਂ ਕੁਆਲਿਟੀ ਚੈੱਕ ਕੀਤੀ ਜਾ ਰਹੀ ਹੈ। ਜੋ ਕੰਮ ਹੋਇਆ ਹੈ, ਉਸਦੀ ਰਿਕਾਰਡ ’ਚ ਐਂਟਰੀ ਕੀਤੀ ਜਾਂਦੀ ਹੈ ਤੇ ਉਸ ਕੰਮ ਦਾ ਬਿਲ ਆਉਣ ’ਤੇ ਪੇਮੈਂਟ ਕੀਤੀ ਜਾਂਦੀ ਹੈ। ਸਬੰਧਤ ਕੰਮ ਦਾ ਬਿਲ ਉਸ ਕੋਲ ਆਇਆ ਸੀ ਜਿਸਦਾ ਚੈੱਕ ਕੱਟਣ ਲਈ ਸੁਪਰਡੈਂਟ ਮੈਡਮ ਨੂੰ ਕਿਹਾ ਸੀ ਪਰ ਮੈਡਮ ਨੇ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਸੁਪਨਾ ਹੈ ਕਿ ਜ਼ਿਲ੍ਹੇ ’ਚ ਵਧੀਆ ਕੰਮ ਕੀਤੇ ਜਾਣ ਜਿਸ ਕਰਕੇ ਸਟਾਫ਼ ਦੀ ਘਾਟ ਹੋਣ ਦੇ ਬਾਵਜੂਦ ਰਾਤ ਨੂੰ ਵੀ ਕੰਮ ਕਰ ਰਹੇ ਹਾਂ।