ਬੀਰਬਲ ਰਿਸ਼ੀ
ਸ਼ੇਰਪੁਰ, 29 ਸਤੰਬਰ
ਪਿੰਡ ਘਨੌਰ ਕਲਾਂ ਵਿੱਚ ਮਾਤਾ ਸੁਰਿੰਦਰ ਕੌਰ (70) ਅੱਜ ਸਵੇਰੇ ਤੜਕੇ ਪਿੰਡ ਦੇ ਵਾਟਰ ਵਰਕਸ ਦੀ ਟੈਕੀ ’ਤੇ ਚੜ੍ਹ ਗਈ। ਇਸ ਬਾਰੇ ਪਤਾ ਲੱਗਣ ’ਤੇ ਨਾਇਬ ਤਹਿਸ਼ੀਲਦਾਰ ਹਰਮਿੰਦਰ ਸਿੰਘ ਸਿੱਧੂ, ਬੀਡੀਪੀਓ ਜੁਗਰਾਜ ਸਿੰਘ, ਐੱਸਐੱਚਓ (ਸਦਰ) ਜਗਮੇਲ ਸਿੰਘ ਮੌਕੇ ’ਤੇ ਪੁੱਜੇ ਪਰ ਤਰਲਿਆਂ ਦੇ ਬਾਵਜੂਦ ਸ਼ਾਮ ਤੱਕ ਬਜ਼ੁਰਗ ਔਰਤ ਨੂੰ ਟੈਂਕੀ ਤੋਂ ਉਤਾਰਨ ਵਿੱਚ ਅਸਫ਼ਲ ਰਹੇ।
ਵਾਟਰ ਵਰਕਸ ਤੋਂ ਮੋਬਾਈਲ ਫੋਨ ’ਤੇ ਆਪਣੀ ਵਿੱਥਿਆ ਸੁਣਾਉਂਦਿਆਂ ਬਜ਼ੁਰਗ ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਪਿੰਡ ਦੇ ਟੋਭੇ ਵਾਲੀ ਜਗ੍ਹਾ ਦੇ ਨਾਲ ਲੱਗਦਾ ਹੈ ਅਤੇ ਤਕਰੀਬਨ ਡੇਢ ਕੁ ਸਾਲ ਪਹਿਲਾਂ ਪੰਚਾਇਤੀ ਨੁੰਮਾਇੰਦਿਆਂ ਨੇ ਇਹ ਟੋਭਾ ਤਕਰੀਬਨ 40 ਫੁੱਟ ਤੱਕ ਪੁੱਟਵਾ ਦਿੱਤਾ ਸੀ ਜਿਸ ਨੂੰ ਵਿਭਾਗ ਨੇ ਵੀ ਨਹੀਂ ਰੋਕਿਆ। ਉਨ੍ਹਾਂ ਦਾਅਵਾ ਕੀਤਾ ਕਿ ਘਰ ਦੇ ਨੇੜਿਓ ਐਨਾਂ ਡੂੰਘਾਂ ਟੋਭਾ ਪੁੱਟੇ ਜਾਣ ਕਾਰਨ ਉਸ ਦੇ ਘਰ ਦੋ ਕਮਰੇ, ਵਰਾਂਢਾ ਤੇ ਰਸੋਈ ਨੂੰ ਤਰੇੜਾਂ ਆ ਚੁੱਕੀਆਂ ਹਨ ਜਿਸ ਕਰਕੇ ਉਸ ਨੇ ਕਿਸੇ ਵੀ ਸਮੇਂ ਡਿੱਗਣ ਦੀ ਕਗਾਰ ’ਤੇ ਖੜ੍ਹੇ ਮਕਾਨ ਨੂੰ ਧੰਮੀਆਂ ਲਗਾਕੇ ਬਚਾਇਆ ਹੋਇਆ ਹੈ। ਉਨ੍ਹਾਂ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਪਹਿਲਾਂ ਹੀ ਦੁੱਖ ਰੋਣ ਅਤੇ ਇਨਸਾਫ਼ ਨਾ ਮਿਲਣ ਦਾ ਖੁਲਾਸਾ ਕਰਦਿਆ ਕਿਹਾ ਕਿ ਉਸਦੇ ਘਰ ਦੇ ਕਮਰੇ ਪਾਟ ਚੁੱਕੇ ਹਨ, ਘਰ ਕਿਸੇ ਸਮੇਂ ਵੀ ਧੱਸ ਸਕਦਾ ਹੈ। ਮਕਾਨ ਦੀ ਮੁਰੰਮਤ ਦੀ ਥਾਂ ਉਸਦਾ ਸੌ ਪ੍ਰਤੀਸ਼ਤ ਮੁਆਵਜ਼ਾ ਮਿਲਣ ’ਤੇ ਹੀ ਉਹ ਆਪਣਾ ਸੰਘਰਸ਼ ਖ਼ਤਮ ਕਰੇਗੀ। ਉਨ੍ਹਾਂ ਦੱਸਿਆ ਕਿ ਉਸ ਦੇ ਪਤੀ ਚੂਹੜ ਸਿੰਘ ਦੀ ਉਮਰ 85 ਸਾਲ ਹੈ, ਇੱਕ ਪੁੱਤਰ ਦੀ ਮੌਤ ਹੋ ਚੁੱਕੀ ਹੈ, ਦੂਜਾ ਪੁੱਤਰ ਕਈ ਮਹੀਨਿਆਂ ਤੋਂ ਦਿੱਲੀ ਸੰਘਰਸ਼ ਵਿੱਚ ਬੈਠਾ ਹੈ ਅਤੇ ਹੁਣ ਉਸ ਨੂੰ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਉਮੀਦਾਂ ਹਨ ਕਿ ਉਹ ਇਨਸਾਫ਼ ਜਰੂਰ ਦੇਣਗੇ। ਪਿੰਡ ਦੇ ਸਰਪੰਚ ਭੀਲਾ ਸਿੰਘ ਨੇ ਦੱਸਿਆ ਕਿ ਤਕਰੀਬਨ ਢਾਈ ਸਾਲ ਪਹਿਲਾਂ ਉਦੋਂ ਹਾਲੇ ਨਵੀਂਆਂ ਪੰਚਾਇਤਾਂ ਬਣੀਆਂ ਸਨ ਤਾਂ ਪਿੰਡ ਵਾਸੀਆਂ ਨੇ ਆਪਣੇ ਪੱਧਰ ’ਤੇ ਪੈਸੇ ਇਕੱਠੇ ਕਰਕੇ ਟੋਭੇ ਦੀ ਸਫ਼ਾਈ ਕੀਤੀ ਸੀ। ਇਸ ਕਾਰਜ ਦੌਰਾਨ ਪੰਚਾਇਤ ਨੇ ਕੋਈ ਵੀ ਸਰਕਾਰੀ ਗ੍ਰਾਂਟ ਇੱਥੇ ਨਹੀਂ ਖਰਚੀ।
ਜੇਈ ਨੇ ਮਕਾਨ ਬਾਰੇ ਰਿਪੋਰਟ ਬੀਡੀਪੀਓ ਨੂੰ ਭੇਜੀ
ਜੇਈ (ਟੈਕਨੀਕਲ) ਗਗਨਦੀਪ ਸਿੰਘ ਨੇ ਬੀਡੀਪੀਓ ਨੂੰ ਭੇਜੀ ਆਪਣੀ ਰਿਪੋਰਟ ਵਿੱਚ ਕਿਹਾ ਕਿ ਜਿਸ ਸਾਈਡ ਕੰਧ ਵਿੱਚ ਤਰੇੜਾਂ ਆਈਆਂ ਹਨ ਉਸ ਸਾਈਡ ਕੋਈ ਛੱਪੜ ਨਹੀਂ ਤੇ ਦੂਸਰੀ ਸਾਈਡ ਰੇਤੇ ਦੀ ਟਾਲ ਹੈ ਜਿਸ ਦਾ ਭਾਰ ਪੈਣ ਨਾਲ ਤਰੇੜਾਂ ਆਈਆਂ ਹਨ। ਉਨ੍ਹਾਂ ਕਿਹਾ ਕਿ ਟੋਭੇ ਵਿੱਚ ਪਾਣੀ ਹੋਣ ਕਾਰਨ ਉਸ ਦੀ ਡੂੰਘਾਈ ਨਹੀਂ ਮਾਪੀ ਜਾ ਸਕਦੀ। ਨਾਇਬ ਤਹਿਸ਼ੀਲਦਾਰ ਤੇ ਬੀਡੀਪੀਓ ਨੇ ਕਿਹਾ ਕਿ ਉਹ ਮਸਲੇ ਦੇ ਹੱਲ ਲਈ ਬਜ਼ੁਰਗ ਮਾਤਾ ਨਾਲ ਮੁੜ ਤਾਲਮੇਲ ਕਰਨਗੇ।