ਹਰਦੀਪ ਸਿੰਘ ਸੋਢੀ
ਧੂਰੀ, 11 ਮਾਰਚ
ਬੱਚਿਆਂ ਵਿੱਚ ਦਿਨੋਂ-ਦਿਨ ਵਧ ਰਹੇ ਫਾਸਟ ਫੂਡ ਦੇ ਰੁਝਾਨ ਦਾ ਅਸਰ ਉਨ੍ਹਾਂ ਦੇ ਸਰੀਰਕ ਵਿਕਾਸ ’ਤੇ ਪੈਣ ਲੱਗਿਆ ਹੈ। ਇਸ ਕਾਰਨ ਉਹ ਮੋਟਾਪੇ ਦੀ ਜਕੜ ਵਿੱਚ ਆ ਰਹੇ ਹਨ। ਬੱਚਿਆਂ ਦੇ ਮਾਪਿਆਂ ਸੰਜੀਵ ਕੁਮਾਰ ਗਰਗ ਤੇ ਜਰਨੈਲ ਸਿੰਘ ਸੋਢੀ ਨੇ ਇਸ ਮਾਮਲੇ ’ਤੇ ਚਿੰਤਾ ਜ਼ਾਹਰ ਕਰਦਿਆਂ ਦੱਸਿਆ ਕਿ ਫਾਸਟ ਫੂਡ ਕਾਰਨ ਬੱਚੇ ਘਰੇਲੂ ਖੁਰਾਕ ਜਿਵੇਂ ਦੇਸੀ ਘਿਓ, ਦੁੱਧ, ਦਹੀਂਂ, ਫਰੂਟ ਅਤੇ ਰੋਟੀ ਤੋਂ ਬਿਲਕੁਲ ਮੂੰਹ ਫੇਰ ਚੁੱਕੇ ਹਨ। ਉਨ੍ਹਾਂ ਕਿਹਾ ਫਾਸਟ ਫੂਡ ਕਾਰਨ ਜਿੱਥੇ ਉਨ੍ਹਾਂ ਦਾ ਸਰੀਰਕ ਵਿਕਾਸ ਰੁਕਣ ਲੱਗਿਆ ਹੈ, ਉੱਥੇ ਉਨ੍ਹਾਂ ਅੰਦਰ ਜਿੱਥੇ ਖੇਡ ਭਾਵਨਾ ਵੀ ਘਟਣ ਲੱਗੀ ਹੈ।
ਮੈਡੀਸਨ ਦੇ ਮਾਹਰ ਡਾਕਟਰ ਐੱਨਐੱਸ ਵਾਲੀਆ ਨੇ ਦੱਸਿਆ ਫਾਸਟ ਫੂਡ ਵਿੱਚ ਜੋ ਚੀਜ਼ਾਂ ਪਾਈਆਂ ਜਾਂਦੀਆਂ ਹਨ, ਉਨ੍ਹਾਂ ਦੀ ਨਾ ਤਾਂ ਕੋਈ ਸ਼ੁੱਧਤਾ ਦੀ ਜਾਂਚ ਹੁੰਦੀ ਹੈ ਤੇ ਇਸ ਦਾ ਸਰੀਰ ’ਤੇ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਦਾ ਵੱਧ ਭਾਰ ਹੋਣ ਕਾਰਨ ਵਿਦਿਆਰਥੀ ਰੋਟੀ ਖਾਣ ਦੀ ਥਾਂ ਫਾਸਟ ਫੂਡ ਦੀਆਂ ਬਣੀਆਂ ਚੀਜ਼ਾਂ ਨੂੰ ਪਹਿਲ ਦੇ ਰਹੇ ਹਨ ਜੋ ਉਨ੍ਹਾਂ ਲਈ ਘਾਤਕ ਹਨ।
ਇੱਕ ਹੋਰ ਮਾਹਿਰ ਡਾਕਟਰ ਜਗਮੋਹਨ ਸਿੰਘ ਨੇ ਕਿਹਾ ਕਿ ਜੇ ਬੱਚਿਆਂ ਵਿੱਚ ਫਾਸਟ ਫੂਡ ਖਾਣ ਦਾ ਰੁਝਾਨ ਨਾ ਘਟਿਆ ਤਾਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਪ੍ਰਭਾਵਿਤ ਹੋ ਸਕਦਾ ਹੈ। ਬੱਚੇ ਮੋਟਾਪੇ ਸਣੇ ਹੋਰ ਬਿਮਾਰੀਆਂ ਦੀ ਜਕੜ ਵਿੱਚ ਆ ਰਹੇ ਹਨ। ਇਸ ਸਬੰਧੀ ਕਈ ਫਾਸਟ ਫੂਡ ਬਣਾਉਣ ਵਾਲੇ ਵਿਅਕਤੀਆਂ ਦਾ ਕਹਿਣਾ ਸੀ ਕਿ ਉਹ ਰੋਜ਼ਾਨਾ ਤਾਜ਼ੀਆਂ ਸਬਜ਼ੀਆਂ, ਹੋਰ ਸਾਮਾਨ ਵਰਤੋਂ ਕਰਦੇ ਹਨ ਤੇ ਬੱਚਿਆਂ ਦੀ ਸਿਹਤ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ। ਸੰਪਰਕ ਕਰਨ ‘ ਤੇ ਫੂਡ ਸੇਫ਼ਟੀ ਵਿਭਾਗ ਦੇ ਅਧਿਕਾਰੀ ਅਮ੍ਰਿਤਪਾਲ ਸਿੰਘ ਸੋਢੀ ਨੇ ਕਿਹਾ ਕਿ ਮਾਮਲਾ ਧਿਆਨ ‘ ਚ ਹੈ ਅਤੇ ਫਾਸਟ ਫੂਡ ਦੀਆਂ ਰੇਹੜੀਆਂ ਦੀ ਅਚਨਚੇਤ ਚੈਕਿੰਗ ਕੀਤੀ ਜਾਵੇਗੀ।