ਹਰਦੀਪ ਸਿੰਘ ਸੋਢੀ
ਧੂਰੀ, 8 ਨਵੰਬਰ
ਪਿਛਲੇ ਦਿਨਾਂ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਕੇਂਦਰ ਸਰਕਾਰ ਵੱਲੋਂ ਸਵਾਰੀ ਗੱਡੀਆਂ ਅਤੇ ਮਾਲ ਗੱਡੀਆਂ ਦੀ ਆਵਾਜਾਈ ਪੁਰੀ ਤਰ੍ਹਾਂ ਬੰਦ ਕੀਤੀ ਹੋਈ ਹੈ ਪਰ ਕਿਸਾਨ ਸੰਗਠਨਾਂ ਵੱਲੋਂ ਮਾਲ ਗੱਡੀਆਂ ਦੇ ਨਿਰਵਿਘਨ ਲਾਂਘੇ ਦਾ ਵਿਸ਼ਵਾਸ ਦੇਣ ਤੋਂ ਬਾਅਦ ਵੀ ਕੇਂਦਰ ਸਰਕਾਰ ਵੱਲੋਂ ਪੰਜਾਬ ’ਚ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਨਹੀਂ ਕੀਤੀ ਗਈ ਤੇ ਹੁਣ ਕੇਂਦਰ ਨੇ ਮਾਲ ਗੱਡੀਆਂ ਅਤੇ ਚਾਲਕ ਅਮਲੇ ਦੀ ਸੁਰੱਖਿਆ ਨੂੰ ਲੈ ਕੇ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ। ਜਿਨ੍ਹਾਂ ’ਤੇ ਅਮਲ ਕਰਦਿਆਂ ਧੂਰੀ ਦੇ ਡੀਐੱਸਪੀ ਪਰਮਜੀਤ ਸਿੰਘ ਵੱਲੋਂ ਧੂਰੀ ਰੇਲਵੇ ਸਟੇਸ਼ਨ ਸਮੇਤ ਇਲਾਕੇ ਅੰਦਰ ਪੈਂਦੇ ਰੇਲਵੇ ਟਰੈਕਾਂ ਦਾ ਜਾਇਜ਼ਾ ਲਿਆ ਗਿਆ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਧੂਰੀ ਰੇਲਵੇ ਸਟੇਸ਼ਨ ਅਧੀਨ ਆਉਂਦੇ ਰੇਲਵੇ ਲਾਈਨਾਂ ਦਾ ਨਿਰੀਖਣ ਕੀਤਾ ਗਿਆ ਹੈ ਤੇ ਇਸ ਤੀ ਰਿਪੋਰਟ ਸਰਕਾਰ ਤੇ ਪੁਲੀਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਭਵਿੱਖ ’ਚ ਦੁਬਾਰਾ ਵੀ ਰੇਲਵੇ ਲਾਈਨਾਂ ਦਾ ਜਾਇਜ਼ਾ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਧੂਰੀ ਦੇ ਥਾਣਾ ਮੁਖੀ ਦਰਸ਼ਨ ਸਿੰਘ ਤੋਂ ਇਲਾਵਾ ਹੋਰ ਪੁਲੀਸ ਅਧਿਕਾਰੀ ਹਾਜ਼ਰ ਸਨ।