ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 19 ਜੁਲਾਈ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਇਕਾਈ ਖੇੜੀ ਗਿੱਲਾਂ ਦੇ ਆਗੂ ਸ਼ਿੰਦਾ ਸਿੰਘ ਅਤੇ ਜਗਤਾਰ ਸਿੰਘ ਰਿੰਕੂ ਦੀ ਅਗਵਾਈ ਹੇਠ ਬੀਡੀਪੀਓ ਦਫਤਰ ਅੱਗੇ ਧਰਨਾ ਲਾਇਆ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਜਗਤਾਰ ਸਿੰਘ ਰਿੰਕੂ ਅਤੇ ਸ਼ਿੰਦਾ ਸਿੰਘ ਨੇ ਕਿਹਾ ਕਿ ਪਿੰਡ ਖੇੜੀ ਗਿੱਲਾਂ ਵਿੱਚ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਪੰਜ ਪੰਜ ਮਰਲਿਆਂ ਦੇ ਪਲਾਟਾਂ ਦੀਆਂ ਲੋੜਵੰਦ ਪਰਿਵਾਰਾਂ ਨੂੰ ਸਨਦਾਂ ਦਿੱਤੀਆਂ ਹੋਈਆਂ ਹਨ ਪਰ ਬੀਡੀਪੀਓ ਦਫਤਰ ਵੱਲੋਂ ਟਾਲ-ਮਟੋਲ ਕੀਤਾ ਜਾ ਰਿਹਾ ਹੈ ਅਤੇ ਹਾਈ ਕੋਰਟ ਦੀ ਸਟੇਅ ਦਾ ਬਹਾਨਾ ਲਾਇਆ ਜਾ ਰਿਹਾ ਹੈ। ਬੀਡੀਪੀਓ ਦਫਤਰ ਵੱਲੋਂ ਬਦਲ ਬਦਲ ਕੇ ਤਰੀਕਾਂ ਦਿੱਤੀਆਂ ਜਾ ਰਹੀਆਂ ਹਨ। ਮਜ਼ਦੂਰਾਂ ਆਗੁਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਮੌਕੇ ਕੋਈ ਵੀ ਧਰਨਾ ਨਹੀਂ ਲੱਗੇਗਾ, ਪਰ ਅਸਲ ਸੱਚ ਇਹ ਹੈ ਕਿ ਧਰਨੇ ਤੋਂ ਬਿਨਾਂ ਇਹ ਸਰਕਾਰ ਕਿਸੇ ਦੀ ਵੀ ਨਹੀਂ ਸੁਣਦੀ। ਉਨਾਂ ਕਿਹਾ ਕਿ ਸਰਕਾਰਾਂ ਖੇਤ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਦੀਆਂ ਆਈਆਂ ਹਨ। ਅੱਜ ਵੀ ਪਿੰਡ ਖੇੜੀ ਗਿੱਲਾਂ ਦੇ ਖੇਤ ਮਜ਼ਦੂਰ ਪਲਾਟਾਂ ਤੋਂ ਅਧੂਰੇ ਹਨ। ਖੇਤ ਮਜ਼ਦੂਰਾਂ ਦੀ ਹਾਲਤ ਪਿੰਡਾਂ ਅੰਦਰ ਬਹੁਤ ਜ਼ਿਆਦਾ ਬਦਤਰ ਬਣੀ ਹੋਈ ਹੈ, ਇੱਕ ਇੱਕ ਕਮਰੇ ਵਿੱਚ ਕਈ-ਕਈ ਜੀਅ ਰਹਿ ਹਨ। ਇਸ ਕਾਰਨ ਖੇਤ ਮਜ਼ਦੂਰਾਂ ’ਚ ਰੋਸ ਹੈ। ਉਨ੍ਹਾਂ ਕਿਹਾ ਕਿ ਪਲਾਟਾਂ ਵਾਲੀ ਜ਼ਮੀਨ ਲੈਣ ਲਈ ਪੱਕਾ ਮੋਰਚਾ ਲਾਇਆ ਜਾਵੇਗਾ।
ਇਸ ਮੌਕੇ ਜਸਵੀਰ ਸਿੰਘ, ਇੰਦਰਜੀਤ ਸਿੰਘ, ਗੁਰਵਿੰਦਰ ਸਿੰਘ, ਜਗਤਾਰ ਸਿੰਘ, ਚਮਕੌਰ ਸਿੰਘ, ਲੱਛੋ ਕੌਰ, ਜਸਵੀਰ ਕੌਰ ਤੇ ਕੁਲਵਿੰਦਰ ਸਿੰਘ ਹਾਜ਼ਰ ਸਨ।