ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 15 ਅਪਰੈਲ
ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਿਆ ਅਤੇ ਪਿੰਡ ਰਾਏਧਰਾਣਾ ਦੇ ਕਿਸਾਨ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ।
ਵਫ਼ਦ ਦੀ ਅਗਵਾਈ ਕਰਦਿਆਂ ਸੂਬਾਈ ਆਗੂਆਂ ਰਾਮਿੰਦਰ ਸਿੰਘ ਪਟਿਆਲਾ ਤੇ ਭੁਪਿੰਦਰ ਲੌਂਗੋਵਾਲ ਨੇ ਦੱਸਿਆ ਕਿ ਪਿੰਡ ਰਾਏਧਰਾਣਾ ਦੇ ਕਿਸਾਨ ਪੰਜਾਬ ਸਿੰਘ ਕੋਲ ਕਰੀਬ 38 ਕਨਾਲ 10 ਮਰਲੇ ਜ਼ਮੀਨ ਹੈ ਜਿਸ ਕੋਲ ਜ਼ਮੀਨ ਦੀ ਬਕਾਇਦਾ ਮਾਲਕੀ ਹੈ। ਇਸ ਜ਼ਮੀਨ ਉਪਰ ਉਸ ਨੇ ਕਰਜ਼ਾ ਵੀ ਲਿਆ ਹੋਇਆ ਹੈ।
ਉਨ੍ਹਾਂ ਦੋਸ਼ ਲਾਇਆ ਕਿ ਉਸ ਕਿਸਾਨ ਦੀ ਜ਼ਮੀਨ ਉਪਰ ਕਿਸੇ ਵਿਅਕਤੀ ਨੇ ਆਪਣੀ ਸਿਆਸੀ ਪਹੁੰਚ ਕਾਰਨ ਕਥਿਤ ਤੌਰ ’ਤੇ ਕਬਜ਼ਾ ਕਰ ਲਿਆ ਹੈ ਅਤੇ ਜ਼ਮੀਨ ਮਾਲਕ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਸਥਾਨਕ ਪੁਲੀਸ ਵੱਲੋਂ ਸਿਆਸੀ ਦਬਾਅ ਹੇਠ ਪੀੜਤ ਕਿਸਾਨ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਯੂਨੀਅਨ ਵਫ਼ਦ ਵੱਲੋਂ ਅੱਜ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲ ਕੇ
ਕਿਸਾਨ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਨੇ ਡੀਐੱਸਪੀ ਮੂਨਕ ਦੀ ਮਾਮਲੇ ਨੂੰ ਹੱਲ ਕਰਨ ਲਈ ਡਿਊਟੀ ਲਗਾਈ ਹੈ ਅਤੇ ਵਫ਼ਦ ਨੂੰ ਇਨਸਾਫ਼ ਦਾ ਭਰੋਸਾ ਦਿਵਾਇਆ ਹੈ। ਯੂਨੀਅਨ ਆਗੂ ਭੁਪਿੰਦਰ ਲੌਂਗੋਵਾਲ ਨੇ ਕਿਹਾ ਕਿ ਜੇਕਰ ਕਿਸਾਨ ਪੰਜਾਬ ਸਿੰਘ ਨੂੰ ਇਨਸਾਫ਼ ਨਾ ਮਿਲਿਆ ਤਾਂ ਯੂਨੀਅਨ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਕਿਸਾਨ ਪੰਜਾਬ ਸਿੰਘ, ਦਲਜਿੰਦਰ ਸਿੰਘ ਹਰਿਆਊ, ਜਸਵੀਰ ਸਿੰਘ, ਭਜਨ ਸਿੰਘ ਢੱਡਰੀਆਂ, ਸੁਖਦੇਵ ਸਿੰਘ ਉਭਾਵਾਲ ਆਦਿ ਮੌਜੂਦ ਸਨ।