ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 27 ਅਗਸਤ
ਬੀ.ਐੱਲ.ਓਜ਼ ਦੀਆਂ ਡਿਊਟੀਆਂ ਨਿਭਾਅ ਰਹੇ ਅਧਿਆਪਕਾਂ/ ਕਰਮਚਾਰੀਆਂ ਨੂੰ ਵੋਟਾਂ ਬਣਾਉਣ ਸਬੰਧੀ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਾਉਣ ਲਈ ਡੀਟੀਐੱਫ਼, ਜਮਹੂਰੀ ਅਧਿਕਾਰ ਸਭਾ ਅਤੇ ਤਰਕਸ਼ੀਲ ਸੁਸਾਇਟੀ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ। ਵਫ਼ਦ ਨੇ ਮੰਗ ਕੀਤੀ ਕਿ ਬੀਐੱਲਓਜ਼ ਨੂੰ ਇਹ ਵਾਧੂ ਕੰਮ ਕਰਨ ਲਈ ਢੁਕਵਾਂ ਮਾਹੌਲ ਦਿੱਤਾ ਜਾਵੇ। ਉਨ੍ਹਾਂ ਨੂੰ ਆਪਣੇ ਪਿੱਤਰੀ ਵਿਭਾਗ ਦੇ ਕੰਮਾਂ ਤੋਂ ਤੁਰੰਤ ਫਾਰਗ ਕੀਤਾ ਜਾਵੇ ਤਾਂ ਕਿ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਕੰਮ ਸਮੇਂ ਸਿਰ ਨੇਪਰੇ ਚਾੜ੍ਹਿਆ ਜਾ ਸਕੇ। ਡੀਟੀਐੱਫ਼ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਨੇ ਆਖਿਆ ਕਿ ਇਸ ਕੰਮ ਲਈ ਜਾਂ ਤਾਂ ਸਮਾਂ ਵਧਾਇਆ ਜਾਵੇ ਜਾਂ ਬੀਐੱਲਓਜ਼ ਨੂੰ ਇੱਕ ਇੱਕ ਸਹਾਇਕ ਦਿੱਤਾ ਜਾਵੇ ਕਿਉਂਕਿ ਸੂਚਨਾ ਦੇਰੀ ਨਾਲ ਮਿਲੀ ਹੈ।