ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਅਗਸਤ
ਪੰਜਾਬ ਸਰਕਾਰ ਵਲੋਂ ਮਹੀਨੇ ਦੀ 300 ਯੂਨਿਟ ਤੋਂ ਘੱਟ ਬਿਜਲੀ ਖਪਤ ਹੋਣ ’ਤੇ ਬਿੱਲ ਮੁਆਫ਼ ਕਰਨ ਦੇ ਕੀਤੇ ਐਲਾਨ ਮਗਰੋਂ ਜਿਥੇ ਲੋਕਾਂ ਵਲੋਂ ਘਰਾਂ ਵਿਚ ਆਨੇ-ਬਹਾਨੇ ਦੋ-ਦੋ ਬਿਜਲੀ ਮੀਟਰ ਲਗਾਉਣ ਦੀ ਦੌੜ ਲੱਗੀ ਹੈ ਉਥੇ ਅਜਿਹੇ ਇਨਸਾਨ ਵੀ ਹਨ ਜੋ ਜ਼ਿੰਮੇਵਾਰ ਨਾਗਰਿਕ ਹੋਣ ਕਾਰਨ ਸਰਕਾਰੀ ਖਜ਼ਾਨੇ ਉਪਰ ਬੋਝ ਨਹੀਂ ਪਾਉਣਾ ਚਾਹੁੰਦੇ ਅਤੇ ਬਿਜਲੀ ਬਿਲ ਦੀ ਸਬਸਿਡੀ ਨਹੀਂ ਲੈਣਾ ਚਾਹੁੰਦੇ। ਸ਼ਹਿਰ ਦੀ ਪੂਨੀਆਂ ਕਲੋਨੀ ਦੇ ਵਸਨੀਕ ਮਨਧੀਰ ਸਿੰਘ ਦੇ ਘਰ ਵਿਚ 134 ਯੂਨਿਟ ਬਿਜਲੀ ਦੀ ਖਪਤ ਹੋਣ ਕਾਰਨ ਉਨ੍ਹਾਂ ਦੇ ਘਰ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ ਪਰ ਮਨਧੀਰ ਸਿੰਘ ਨੇ ਸਹਾਇਕ ਕਾਰਜਕਾਰੀ ਇੰਜਨੀਅਰ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਬਡਰੁੱਖਾਂ ਨੂੰ ਪੱਤਰ ਲਿਖ ਕੇ ਸਪੱਸ਼ਟ ਕੀਤਾ ਹੈ ਕਿ ਉਹ ਬਿਜਲੀ ਦੀ ਸਬਸਿਡੀ ਲੈ ਕੇ ਪੰਜਾਬ ਸਰਕਾਰ ’ਤੇ ਬੋਝ ਨਹੀਂ ਬਣਨਾ ਚਾਹੁੰਦਾ, ਉਨ੍ਹਾਂ ਨੂੰ ਮਿਲਣ ਵਾਲੀ ਸਬਸਿਡੀ ਬੰਦ ਕੀਤੀ ਜਾਵੇ ਅਤੇ ਖਪਤ ਹੋਈਆਂ ਬਿਜਲੀ ਯੂਨਿਟਾਂ ਦਾ ਬਿੱਲ ਭੇਜਿਆ। ਮਨਧੀਰ ਸਿੰਘ ਨੇ ਆਪਣੇ ਘਰ ਦਾ ਆਇਆ ਜ਼ੀਰੋ ਬਿਜਲੀ ਬਿੱਲ ਵਿਖਾਉਂਦਿਆਂ ਦੱਸਿਆ ਕਿ ਆਪਣੇ ਘਰ ਦੀ ਛੱਤ ਉਪਰ ਤਿੰਨ ਕਿਲੋਵਾਟ ਦਾ ਸੋਲਰ ਲਗਵਾਇਆ ਹੋਇਆ ਹੈ। ਘਰ ਦੀ ਬਿਜਲੀ ਦੀ ਕੁੱਲ ਪਖਤ 511 ਯੂਨਿਟ ਹੈ। ਸੋਲਰ ਵਲੋਂ ਪੈਦਾ ਕੀਤੀ ਬਿਜਲੀ ਖਪਤ ਕਰਕੇ ਉਨ੍ਹਾਂ ਨੇ ਬਿਜਲੀ ਵਿਭਾਗ ਦੀ 134 ਯੂਨਿਟ ਬਿਜਲੀ ਖਪਤ ਕੀਤੀ ਹੈ, ਜਿਸ ਕਰਕੇ 134 ਯੂਨਿਟ ਦਾ ਬਿਜਲੀ ਬਿੱਲ ਆਉਣਾ ਸੀ। ਸੋਲਰ ਲੱਗਾ ਹੋਣ ਕਾਰਨ ਬਿਜਲੀ ਬਿਲ ਇੱਕ ਮਹੀਨੇ ਦਾ ਆਉਂਦਾ ਹੈ। ਪੰਜਾਬ ਸਰਕਾਰ ਵਲੋਂ ਮਹੀਨੇ ’ਚ 300 ਯੂਨਿਟ ਬਿਜਲੀ ਖਪਤ ਹੋਣ ਤੱਕ ਬਿਜਲੀ ਬਿਲ ਮੁਆਫ਼ ਹੈ। ਘਰ 134 ਯੂਨਿਟ ਖਪਤ ਹੋਣ ਕਾਰਨ ਬਿਜਲੀ ਬਿਲ ਜ਼ੀਰੋ ਆਇਆ ਹੈ। ਉਹ ਮਹਿਸੂਸ ਕਰਦੇ ਹਨ ਕਿ ਜਦੋਂ ਉਹ ਬਿਜਲੀ ਦਾ ਬਿਲ ਭਰਨ ਦੇ ਸਮਰੱਥ ਹਨ ਤਾਂ ਉਹ ਬਿਜਲੀ ਦੀ ਸਬਸਿਡੀ ਲੈ ਕੇ ਪੰਜਾਬ ਸਰਕਾਰ ਦੇ ਖਜ਼ਾਨੇ ਉਪਰ ਬੋਝ ਕਿਉਂ ਬਣਨ। ਇਸ ਲਈ ਉਹ ਬਿਜਲੀ ਸਬਸਿਡੀ ਨਹੀਂ ਲੈਣਾ ਚਾਹੁੰਦਾ।