ਪੱਤਰ ਪ੍ਰੇਰਕ
ਲਹਿਰਾਗਾਗਾ, 6 ਜੁਲਾਈ
ਪਿੰਡ ਸੰਗਤਪੁਰਾ ਦੇ ਸਮਸ਼ਾਨਘਾਟ ਨੂੰ ਜਾਂਦੇ ਰਾਹ ਦੀ ਹਾਲਤ ਖਸਤਾ ਹੈ। ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਅਕਸਰ ਲੋਕਾਂ ਨੂੰ ਚਿੱਕੜ ਵਿੱਚੋਂ ਲੰਘਣਾ ਪੈਂਦਾ ਹੈ। ਪਿੰਡ ਦੇ ਸਿਵਿਆਂ ਨੂੰ ਇਹੀ ਰਾਹ ਜਾਂਦਾ ਹੋਣ ਕਾਰਨ ਮ੍ਰਿਤਕਾਂ ਦੇ ਸਸਕਾਰ ਅਤੇ ਫੁੱਲ ਚੁਗਣ ਵੇਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦੀ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਦੇ ਸਰਪੰਚ ਬਲਦੇਵ ਸਿੰਘ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰਸਤੇ ਦੀ ਇਹ ਹਾਲਤ ਹੈ। ਉਨ੍ਹਾਂ ਮੰਨਿਆ ਕਿ ਪੰਚਾਇਤ ਨੇ ਹੀ ਇਹ ਸਮੱਸਿਆ ਹੱਲ ਕਰਨੀ ਹੁੰਦੀ ਹੈ ਪਰ ਪੰਚਾਂ ਦਾ ਬਣਦਾ ਸਹਿਯੋਗ ਨਾ ਮਿਲਣ ਕਰਕੇ ਇੱਥੋਂ ਲੰਘਦੀ ਪੱਕੀ ਸੜਕ ਟੋਭੇ ਤੋਂ ਭੈੜੀ ਹਾਲਤ ਵਿੱਚ ਹੈ। ਇਹ ਸੜਕ ਪਿੰਡ ਦੀ ਫਿਰਨੀ ਹੈ, ਜਿੱਥੋਂ ਖੋਖਰ, ਗੰਢੂਆਂ ਤੇ ਲਹਿਰਾਗਾਗਾ ਨੂੰ ਰਾਹ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਕੋਲ ਫੰਡ ਤਾਂ ਹੈ ਪਰ ਪੰਚਾਂ ਦੇ ਸਹਿਯੋਗ ਤੋਂ ਬਿਨਾਂ ਇਸ ਨੂੰ ਖਰਚਿਆ ਨਹੀਂ ਜਾ ਸਕਦਾ। ਉਨ੍ਹਾਂ ਦੱਸਿਆ ਕਿ ਪੰਚਾਇਤ ਨੇ 8 ਜੁਲਾਈ ਨੂੰ ਮੀਟਿੰਗ ਸੱਦੀ ਗਈ ਹੈ, ਜਿਸ ਦੌਰਾਨ ਇਹ ਮਸਲਾ ਵਿਚਾਰਿਆ ਜਾਵੇਗਾ।