ਹਰਦੀਪ ਸਿੰਘ ਸੋਢੀ
ਧੂਰੀ, 28 ਅਗਸਤ
ਮਾਲੇਰਕੋਟਲਾ ਬਾਈਪਾਸ ਤੋਂ ਸੰਗਰੂਰ ਬਾਈਪਾਸ ਤੱਕ ਸੜਕ ਚੌੜੀ ਕਰਨ ਦਾ ਕੰਮ ਅੱਧ ਵਿਚਕਾਰ ਲਟਕਣ ਕਾਰਨ ਜਿੱਥੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਆਲੇ-ਦੁਆਲੇ ਸਥਿਤ ਦੁਕਾਨਦਾਰਾਂ ਅਤੇ ਵਸਨੀਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਭਾਵੇਂ ਸੰਗਰੂਰ ਬਾਈਪਾਸ ਤੋਂ ਕੱਕੜਵਾਲ ਚੌਕ ਤੱਕ ਸੜਕ ਨੂੰ ਚੌੜਾ ਕਰਨ ਦਾ ਕੰਮ ਕੁੱਝ ਹੱਦ ਤੱਕ ਮੁਕੰਮਲ ਹੋ ਚੁੱਕਾ ਹੈ, ਪਰ ਮਾਲੇਰਕੋਟਲਾ ਬਾਈਪਾਸ ਤੋਂ ਓਵਰਬ੍ਰਿਜ ਤੱਕ ਅਧੂਰੇ ਕੰਮ ਕਾਰਨ ਸੜਕ ਦੇ ਦੋਵੇਂ ਪਾਸੇ ਫੈਲੀ ਗੰਦਗੀ ਅਤੇ ਕੀਤੀ ਗਈ ਪੁਟਾਈ ਕਾਰਨ ਲੋਕਾਂ ਵਿੱਚ ਸਰਕਾਰ ਅਤੇ ਵਿਭਾਗ ਪ੍ਰਤੀ ਰੋਸ ਦੀ ਲਹਿਰ ਹੈ।
ਜਾਣਕਾਰੀ ਅਨੁਸਾਰ ਹਲਕਾ ਧੂਰੀ ਦੇ ਤਤਕਾਲੀ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 4 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਮਾਲੇਰਕੋਟਲਾ ਬਾਈਪਾਸ ਤੋਂ ਸੰਗਰੂਰ ਬਾਈਪਾਸ ਤੱਕ ਸੜਕ ਚੌੜੀ ਕਰਨ, ਸੜਕ ਦੇ ਦਰਮਿਆਨ ਡਿਵਾਈਡਰ ਲਾਉਣ, ਚੌਕ ਬਣਾਉਣ ਅਤੇ ਬਿਜਲੀ ਦੇ ਖੰਭੇ ਲਗਾਉਣ ਲਈ ਕੰਮ ਸ਼ੁਰੂ ਕਰਵਾਇਆ ਗਿਆ ਸੀ, ਪਰ ਪੰਜਾਬ ਵਿੱਚ ਹੋਈ ਸੱਤਾ ਤਬਦੀਲੀ ਤੋਂ ਬਾਅਦ ਇਹ ਕੰਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਚੋਣ ਹਲਕਾ ਹੋਣ ਦੇ ਬਾਵਜੂਦ ਰਫ਼ਤਾਰ ਫੜਨ ਦੀ ਬਜਾਇ ‘ਮੱਠਾ’ ਹੋ ਕੇ ਰਹਿ ਗਿਆ ਹੈ। ਜਿਸ ਕੰਮ ਨੂੰ ਛੇ ਮਹੀਨਿਆਂ ਵਿੱਚ ਮੁਕੰਮਲ ਕਰਕੇ ਲੋਕਾਂ ਨੂੰ ਸੁਵਿਧਾ ਦਿੱਤੀ ਜਾਣੀ ਸੀ, ਉਹ ਸੁਸਤ ਰਫ਼ਤਾਰ ਹੋਣ ਕਾਰਨ ਲੋਕਾਂ ਲਈ ਅਸੁਵਿਧਾ ਅਤੇ ਸੜਕੀ ਹਾਦਸਿਆਂ ਦਾ ਸਬੱਬ ਬਣਦਾ ਜਾ ਰਿਹਾ ਹੈ। ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਸ ਸੜਕ ਨੂੰ ਤੁਰੰਤ ਮੁਕੰਮਲ ਕਰ ਕੇ ਲੋਕਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਹੈ।
ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਬਰਸਾਤਾਂ ਦੌਰਾਨ ਲੁੱਕ ਨਾਲ ਸਬੰਧਤ ਕੰਮ ਨਾ ਕਰਵਾਉਣ ਸਬੰਧੀ ਪੱਤਰ ਪ੍ਰਾਪਤ ਹੋਣ ਤੋਂ ਬਾਅਦ ਇਹ ਕੰਮ ਬੰਦ ਕਰਵਾਇਆ ਗਿਆ ਹੈ ਅਤੇ 30 ਸਤੰਬਰ ਤੋਂ ਬਾਅਦ ਇਹ ਕੰਮ ਸ਼ੁਰੂ ਕਰਵਾਇਆ ਜਾਵੇਗਾ। ਉਂਜ, ਲੁੱਕ ਤੋਂ ਬਗੈਰ ਹੋਣ ਵਾਲਾ ਕੰਮ ਜਾਰੀ ਹੈ।