ਹਰਜੀਤ ਸਿੰਘ
ਖਨੌਰੀ, 19 ਅਗਸਤ
ਨਗਰ ਪੰਚਾਇਤ ਖਨੌਰੀ ਦੇ ਪ੍ਰਧਾਨ ’ਤੇ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਨੇ ਆਊਟਸੋਰਸਿੰਗ ਕੰਮ ਕਰਨ ਸਬੰਧੀ ਮਤਾ ਨਾ ਪਾਉਣ ਦਾ ਦੋਸ਼ ਲਾਉਂਦਿਆਂ ਸਫ਼ਾਈ ਯੂਨੀਅਨ ਖਨੌਰੀ ਦੇ ਕਰਮਚਾਰੀਆਂ ਨੇ ਅੱਜ ਪ੍ਰਧਾਨ ਦੇ ਘਰ ਅੱਗੇ ਕੂੜੇ ਦੇ ਢੇਰ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਝਾੜੂ ਖੜ੍ਹੇ ਕਰਦਿਆਂ ਉਨ੍ਹਾਂ ਦੇ ਘਰ ਸਾਹਮਣੇ ਮੁਰਦਾਬਾਦ ਦੇ ਨਾਅਰੇ ਲਗਾਉਂਦਿਆਂ ਸ਼ਹਿਰ ਵਿਚ ਕੂੜੇ ਦੀਆਂ ਰੇਹੜੀਆਂ ਸਮੇਤ ਰੋਸ ਮਾਰਚ ਵੀ ਕੱਢਿਆ ਗਿਆ।
ਇਸ ਸਬੰਧੀ ਸਫ਼ਾਈ ਯੂਨੀਅਨ ਦੇ ਪ੍ਰਧਾਨ ਰੌਬਿਨ ਕੁਮਾਰ ਨੇ ਨੂੰ ਦੱਸਿਆ ਕਿ ਉਹ 42 ਮੁਲਾਜ਼ਮ 10 ਦਿਨਾਂ ਤੋਂ ਹੜਤਾਲ ’ਤੇ ਬੈਠੇ ਹਨ। ਪ੍ਰਧਾਨ ਮਤਾ ਪਾਉਣ ਦੀ ਥਾਂ ਉਨ੍ਹਾਂ ਨੂੰ ਲਗਾਤਾਰ ਲਾਰੇ ਲਾਉਂਦਾ ਆ ਰਿਹਾ ਹੈ। ਇਸ ਕਰਕੇ ਅੱਜ ਉਨ੍ਹਾਂ ਨੂੰ ਮਜ਼ਬੂਰਨ ਪ੍ਰਧਾਨ ਦੀ ਕੋਠੀ ਮੂਹਰੇ ਗੰਦਗੀ ਦੇ ਢੇਰ ਲਾਉਣੇ ਪਏ ਤਾਂ ਜੋ ਇਨ੍ਹਾਂ ਦੀ ਨੀਂਦ ਖੁੱਲ੍ਹ ਸਕੇ। ਉਨ੍ਹਾਂ ਕਿਹਾ ਕਿ ਜੇ ਹੁਣ ਵੀ ਇਨ੍ਹਾਂ ਨੇ ਮਤਾ ਨਾ ਪਾਇਆ ਤਾਂ ਉਹ ਸੰਘਰਸ਼ ਤੇਜ਼ ਕਰਦਿਆਂ ਦਫ਼ਤਰ ਵਿਚ ਵੀ ਕੂੜਾ ਸੁੱਟਾਂਗੇ ਅਤੇ ਦਫ਼ਤਰ ਨੂੰ ਜਿੰਦਰੇ ਵੀ ਲਗਾਉਣਗੇ। ਇਸ ਤੋਂ ਇਲਾਵਾ ਜ਼ਿਲ੍ਹੇ ਅਤੇ ਪੰਜਾਬ ਪੱਧਰ ਦੇ ਆਗੂ ਇੱਥੇ ਪਹੁੰਚ ਕੇ ਸੰਘਰਸ਼ ਤੇਜ਼ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਕੌਂਸਲਰ ਸਾਡੇ ਹੱਕ ਵਿਚ ਦਸਤਖ਼ਤ ਕਰਨ ਲਈ ਤਿਆਰ ਹਨ ਪ੍ਰੰਤੂ ਇਕੱਲਾ ਪ੍ਰਧਾਨ ਉਨ੍ਹਾਂ ਦੀ ਗੱਲ ਨਹੀਂ ਸੁਣ ਰਿਹਾ। ਇਸ ਕਰਕੇ ਸਾਨੂੰ ਸੰਘਰਸ਼ ਕਰਨਾ ਪਿਆ। ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਉਨ੍ਹਾਂ ਦੇ ਹੱਕ ਵਿੱਚ ਮਤਾ ਨਹੀਂ ਪਾਇਆ ਜਾਂਦਾ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨਣ ’ਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਪ੍ਰਧਾਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਮਾਰਚ ਦੌਰਾਨ ਵੀ ਪ੍ਰਧਾਨ ਖਿਲਾਫ਼ ਗਲੀਆਂ ਵਿੱਚ ਨਾਅਰੇ ਗੂੰਜਦੇ ਰਹੇ। ਉਧਰ ਇੱਕ ਘੰਟੇ ਮਗਰੋਂ ਪੱਕੇ ਸਫ਼ਾਈ ਕਰਮਚਾਰੀਆਂ ਨੇ ਪ੍ਰਧਾਨ ਦੇ ਘਰ ਦੇ ਬਾਹਰੋਂ ਕੂੜਾ ਚੁੱਕਿਆ ਤੇ ਰਾਹ ਦੀ ਸਫ਼ਾਈ ਕੀਤੀ।
ਮੀਟਿੰਗ ਹੋਣ ’ਤੇ ਪਹਿਲ ਦੇ ਆਧਾਰ ’ਤੇ ਪਾਇਆ ਜਾਵੇਗਾ ਮਤਾ: ਪ੍ਰਧਾਨ
ਨਗਰ ਪੰਚਾਇਤ ਖਨੌਰੀ ਦੇ ਪ੍ਰਧਾਨ ਗਿਰਧਾਰੀ ਲਾਲ ਗਰਗ ਨੇ ਕਿਹਾ ਕਿ ਚੰਨੀ ਸਰਕਾਰ ਵੱਲੋਂ ਬਣਾਈ ਪਾਲਿਸੀ ਅਨੁਸਾਰ ਕੱਚੇ ਮੁਲਾਜ਼ਮ ਪੱਕੇ ਕਰਨ ਸਬੰਧੀ ਪਹਿਲਾਂ ਸਾਡੇ ਵੱਲੋਂ ਪਾਇਆ ਮਤਾ ਸਰਬਸੰਮਤੀ ਨਾਲ ਪਾਸ ਕਰਕੇ ਭੇਜ ਦਿੱਤਾ ਗਿਆ ਸੀ। ਡਿਪਟੀ ਡਾਇਰੈਕਟਰ ਦਫ਼ਤਰ ਵੱਲੋਂ ਇਤਰਾਜ਼ ਲੱਗਾ ਕੇ ਇਹ ਮਤਾ ਕੈਂਸਲ ਕਰ ਦਿੱਤਾ ਗਿਆ ਸੀ, ਕਿ ਇਸ ਵਿੱਚ ਸਾਰੇ ਵਰਗਾਂ, ਐੱੱਸਸੀ, ਬੀਸੀ, ਸਾਬਕਾ ਸੈਨਿਕ, ਫਰੀਡਮ ਫਾਈਟਰ, ਅੰਗਹੀਣ ਸਮੇਤ ਸਾਰੇ ਵਰਗਾਂ ਨੂੰ ਧਿਆਨ ਵਿੱਚ ਰੱਖ ਕੇ ਮਤਾ ਪਾਇਆ ਜਾਵੇ। ਇਸ ’ਤੇ ਕੁਝ ਕੌਂਸਲਰਾਂ ਵੱਲੋਂ ਵਿਰੋਧ ਕਰਨ ਕਰਕੇ ਮਤਾ ਕੈਂਸਲ ਹੋ ਗਿਆ ਅਤੇ ਉਸ ਤੋਂ ਬਾਅਦ ਚੋਣ ਜ਼ਾਬਤਾ ਲੱਗ ਗਿਆ ਅਤੇ ਫਿਰ ਸਰਕਾਰ ਬਦਲਣ ਮਗਰੋਂ ਕੌਂਸਲਰਾਂ ਦੀ ਆਪਸੀ ਖਹਬਿਾਜ਼ੀ ਕਰਕੇ ਕਦੇ ਵੀ ਕੋਈ ਮੀਟਿੰਗ ਨਹੀਂ ਹੋਈ। ਇਹ ਮੇਰੇ ਵਿਰੋਧੀ ਧੜੇ ਦੇ ਕੌਂਸਲਰਾਂ ਦਾ ਕਾਰਾ ਹੈ ਜੋ ਮੈਨੂੰ ਬਦਨਾਮ ਕਰਨ ਲਈ ਸਫ਼ਾਈ ਕਰਮੀਆਂ ਨੂੰ ਗੁਮਰਾਹ ਕਰ ਰਹੇ ਹਨ।, ਜਦੋਂ ਵੀ ਕੋਈ ਮੀਟਿੰਗ ਹੁੰਦੀ ਹੈ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਮਤਾ ਪਹਿਲ ਦੇ ਅਧਾਰ ਤੇ ਪਾਇਆ ਜਾਵੇਗਾ। ਇਸ ਸਬੰਧੀ ਜਦੋਂ ਕਾਰਜ ਸਾਧਕ ਅਫ਼ਸਰ ਰਵੀ ਕੁਮਾਰ ਤੋਂ ਉਨ੍ਹਾਂ ਦਾ ਪੱਖ ਜਾਣਨ ਲਈ ਉਨ੍ਹਾਂ ਦੇ ਮੋਬਾਈਲ ’ਤੇ ਫੋਨ ਕੀਤਾ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਬਿ ਨਾ ਸਮਝਿਆ।