ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 26 ਫਰਵਰੀ
ਨਗਰ ਕੌਂਸਲ ਮਾਲੇਰੋਕਟਲਾ ਦੇ ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਮਾਧਵੀ ਕਟਾਰੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਨਿਵਾਸੀਆਂ ਨੂੰ ਲਾਵਾਰਿਸ ਪਸ਼ੂਆਂ ਤੋਂ ਨਿਜਾਤ ਦਿਵਾਉਣ ਲਈ ਗਊਆਂ ਨੂੰ ਫੜ ਕੇ ਗਊਸ਼ਾਲਾ ਵਿੱਚ ਭੇਜਣ ਦੀ ਮੁਹਿੰਮ ਆਰੰਭ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਿਕਾਸ ਉੱਪਲ ਨੇ ਦੱਸਿਆ ਕਿ ਇਕੱਠੇ ਕੀਤੇ ਗਊ ਸੈੱਸ ਦੀ ਵਰਤੋਂ ਲਾਵਾਰਿਸ ਪਸ਼ੂਆਂ ਦੀ ਸਾਂਭ-ਸੰਭਾਲ ਲਈ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਪਸ਼ੂਆਂ ਨੂੰ ਗਊਸ਼ਾਲਾਵਾਂ/ਕੈਟਲ ਪੌਂਡਾਂ ਵਿੱਚ ਰੱਖਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਕਰੀਬ 10 ਲਾਵਾਰਿਸ ਗਊਆਂ ਅਤੇ ਗਊਵੰਸ਼ ਫੜ ਕੇ ਗਊਸ਼ਾਲਾ ਵਿੱਚ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਲੋਂ ਇਹ ਕੰਮ ਲਗਾਤਾਰ ਜਾਰੀ ਰਹੇਗਾ। ਕਾਰਜ ਸਾਧਕ ਅਫ਼ਸਰ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਪਸ਼ੂਆਂ ਨੂੰ ਸੜਕਾਂ ‘ਤੇ ਲਾਵਾਰਿਸ ਨਾ ਛੱਡਣ ਸਗੋਂ ਗਊਸ਼ਾਲਾਵਾਂ ਵਿੱਚ ਛੱਡਣ ਤਾਂ ਜੋ ਸੜਕਾਂ ‘ਤੇ ਘੁੰਮ ਰਹੇ ਪਸ਼ੂਆਂ ਕਾਰਨ ਵਾਪਰਨ ਵਾਲੇ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ।