ਖੇਤਰੀ ਪ੍ਰਤੀਨਿਧ
ਧੂਰੀ, 18 ਜੁਲਾਈ
ਨਗਰ ਕੌਂਸਲ ਧੂਰੀ ਵੱਲੋਂ ਲੋਕਾਂ ਦੀ ਸਹੂਲਤ ਲਈ ਬਣਾਏ ਪਖਾਨਿਆਂ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਇਨ੍ਹਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਨਗਰ ਕੌਂਸਲ ਦੇ ਪਾਰਕ ਕੋਲ ਬਣਾਏ ਪਖਾਨਿਆਂ ਵਿੱਚ ਬਿਲਕੁਲ ਸਫ਼ਾਈ ਦਾ ਪ੍ਰਬੰਧ ਨਹੀਂ ਹੈ। ਇਸ ਕਾਰਨ ਪਖਾਨਿਆਂ ਵਿੱਚੋਂ ਲਗਾਤਾਰ ਬਦਬੂ ਮਾਰਦੀ ਰਹਿੰਦੀ ਹੈ। ਇਸ ਕੋਲੋਂ ਲੰਘਣਾ ਵੀ ਮੁਸ਼ਕਲ ਹੋ ਰਿਹਾ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਹ ਪਖਾਨੇ ਜਦੋਂ ਨਵੇਂ ਬਣਾਏ ਗਏ ਸਨ ਉਸ ਸਮੇਂ ਕੁਝ ਮਹੀਨਿਆਂ ਲਈ ਇਨ੍ਹਾਂ ਦੀ ਸਫ਼ਾਈ ਚੰਗੇ ਤਰੀਕੇ ਨਾਲ ਕੀਤੀ ਗਈ ਸੀ ਪਰ ਬਾਅਦ ਵਿੱਚ ਇਸ ਪਖਾਨੇ ਨੂੰ ਅਣਗੌਲਿਆ ਕਰ ਦਿੱਤਾ ਗਿਆ। ਇਸ ਕਾਰਨ ਹੁਣ ਇਸ ਖਪਾਨੇ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਪਖਾਨੇ ਦੀ ਚੰਗੇ ਤਰੀਕੇ ਨਾਲ ਸਾਂਭ ਸੰਭਾਲ ਕੀਤੀ ਜਾਵੇ ਤੇ ਇੱਥੇ ਪੱਕੇ ਤੌਰ ’ਤੇ ਕਰਮਚਾਰੀ ਨਿਯੁਕਤ ਕੀਤਾ ਜਾਵੇ। ਇਸ ਸਬੰਧੀ ਕਾਰਜਸਾਧਕ ਅਫ਼ਸਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਨਗਰ ਕੌਂਸਲ ਦੀ ਪ੍ਰਧਾਨ ਨੇ ਕਿਹਾ ਉਹ ਮੌਕਾ ਵੇਖ ਕੇ ਬਣਦੀ ਕਾਰਵਾਈ ਕਰਨਗੇ।