ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 17 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਨੇ ਸਮੁੱਚੇ ਪੰਜਾਬੀਆਂ ਤੇ ਆਪਣੇ ਪੁੱਤ ਦੀ ਚੜ੍ਹਦੀ ਕਲਾ ਲਈ ਅੱਜ ਇਥੇ ਹੈਦਰ ਸ਼ੇਖ ਦੀ ਦਰਗਾਹ ’ਤੇ ਸਿਜਦਾ ਕਰਨ ਲਈ ਪੁੱਜੇ। ਮਾਤਾ ਹਰਪਾਲ ਕੌਰ ਨੇ ਬਾਬਾ ਹੈਦਰ ਸੇਖ਼ ਦੀ ਦਰਗਾਹ ’ਤੇ ਚਾਦਰ ਅਤੇ ਫੁੱਲ ਚੜ੍ਹਾਏ। ਇਸ ਮੌਕੇ ਉਨ੍ਹਾਂ ਅਰਦਾਸ ਵਿੱਚ ਆਸ ਪ੍ਰਗਟਾਈ ਕਿ ਜਿਵੇਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਪੁੱਤਰ ਭਗਵੰਤ ਸਿੰਘ ਮਾਨ ’ਤੇ ਵਿਸ਼ਵਾਸ ਪ੍ਰਗਟਾਇਆ ਹੈ ਰੱਬ ਭਗਵੰਤ ਸਿੰਘ ਮਾਨ ਨੂੰ ਉਸ ਵਿਸ਼ਵਾਸ ’ਤੇ ਖਰਾ ਉਤਰਨ ਦਾ ਬਲ ਬਖ਼ਸ਼ੇ। ਦਰਗਾਹ ਦੇ ਖ਼ਲੀਫ਼ੇ ਐਡਵੋਕੇਟ ਸਾਬਰ ਅਲੀ ਨੇ ਬੀਬੀ ਹਰਪਾਲ ਕੌਰ ਨੂੰ ਸਨਮਾਨਿਤ ਕੀਤਾ। ਦਰਗਾਹ ’ਤੇ ਜਾਣ ਤੋਂ ਪਹਿਲਾਂ ਮਾਲੇਰਕੋਟਲਾ ਕਲੱਬ ਵਿੱਚ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਤੇ ਸਾਬਕਾ ਕੌਂਸਲਰ ਫਰਿਆਲ ਰਹਿਮਾਨ ਨੇ ਬੀਬੀ ਹਰਪਾਲ ਕੌਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਬੀਬੀ ਹਰਪਾਲ ਕੌਰ ਦਰਗਾਹ ’ਤੇ ਸਿਜਦਾ ਕਰਨ ਉਪਰੰਤ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਸਾਕਬਿ ਅਲੀ ਰਾਜਾ ਦੇ ਘਰ ਵੀ ਗਏ। ਇਸ ਮੌਕੇ ਵਿਧਾਇਕ ਡਾ. ਜਮੀਲ ਉਰ ਰਹਿਮਾਨ, ਅਸ਼ਰਫ਼ ਅਬਦੁੱਲਾ, ਜ਼ਾਫਰ ਅਲੀ, ਸਾਬਕਾ ਪ੍ਰਧਾਨ ਮੁਹੰਮਦ ਇਕਬਾਲ ਫ਼ੌਜੀ, ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਸੁਲੇਮਾਨ ਜੋਸ਼, ਮੁਹੰਮਦ ਹਲੀਮ, ਮੁਨਸ਼ੀ ਮੁਹੰਮਦ ਅਸ਼ਰਫ਼, ਅਸ਼ਰਫ ਗੋਪੀ, ਤਸਲੀਮ ਮੱਲੂ, ਗੁਰਮੁਖ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਬੁਰਜ, ਕੌਂਸਲਰ ਮਹਿੰਦਰ ਸਿੰਘ ਪਰੂਥੀ, ਸਾਬਕਾ ਆਦਿ ਹਾਜ਼ਰ ਸਨ।