ਹਰਦੀਪ ਸਿੰਘ ਸੋਢੀ/ਪਵਨ ਕੁਮਾਰ ਵਰਮਾ
ਧੂਰੀ, 20 ਸਤੰਬਰ
ਖੰਡ ਮਿੱਲ ਧੂਰੀ ਵੱਲ ਗੰਨਾ ਕਾਸ਼ਤਕਾਰਾਂ ਦੀ ਰਹਿੰਦੀ ਅਦਾਇਗੀ ਲਈ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪ੍ਰਦਰਸ਼ਨ ਦੇ ਸੱਤਵੇਂ ਦਿਨ ਜਿੱਥੇ ਅੱਜ ਸੰਘਰਸ਼ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਬੁਗਰਾ ਖੰਡ ਮਿੱਲ ਸਥਿਤ 100 ਫੁੱਟ ਉੱਚੀ ਚਿਮਨੀ ’ਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹ ਗਏ, ਉਥੇ ਖੰਡ ਮਿੱਲ ਅੰਦਰ ਗੰਨਾ ਕਾਸ਼ਤਕਾਰਾਂ ਦਾ ਧਰਨਾ ਵੀ ਜਾਰੀ ਹੈ। ਦੂਜੇ ਪਾਸੇ ਕਿਸਾਨਾਂ ਦੀ ਅਦਾਇਗੀ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਖੰਡ ਮਿੱਲ ਦੀ ਜ਼ਮੀਨ ਦੀ ਰੱਖੀ ਗਈ ਬੋਲੀ ਦੌਰਾਨ ਕੋਈ ਵੀ ਬੋਲੀਕਾਰ ਨਾ ਪੁੱਜਣ ਕਾਰਨ ਪ੍ਰਸ਼ਾਸਨ ਨੂੰ ਖਾਲੀ ਹੱਥ ਪੱਰਤਣਾ ਪਿਆ। ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਤੇ ਸਰਬਜੀਤ ਸਿੰਘ ਅਲਾਲ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਬੋਲੀ ਕਰਵਾਉਣ ਦਾ ਮਹਿਜ਼ ਡਰਾਮਾ ਕੀਤਾ ਜਾ ਰਿਹਾ ਹੈ, ਜਦੋਂਕਿ ਅਸਲੀਅਤ ਇਹ ਹੈ ਕਿ ਇਸ ਤੋਂ ਪਹਿਲਾਂ 14 ਸਤੰਬਰ ਨੂੰ ਵੀ ਜ਼ਮੀਨ ਦੀ ਨਿਲਾਮੀ ਰੱਖੀ ਗਈ ਸੀ ਪਰ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਵੱਲੋਂ ਖੰਡ ਮਿੱਲ ਵੱਲ 41 ਕਰੋੜ ਦਾ ਬਕਾਇਆ ਕੱਢਣ ਕਾਰਨ ਬੋਲੀ ਰੱਦ ਹੋ ਗਈ ਸੀ। ਉਨ੍ਹਾਂ ਕਿਹਾ ਕਿ ਬੋਲੀ ਸਬੰਧੀ ਪ੍ਰਸ਼ਾਸਨ ਵੱਲੋਂ ਰੱਖੀਆਂ ਗਈਆਂ ਸ਼ਰਤਾਂ ਬਹੁਤ ਸਖਤ ਹਨ, ਜਿਸ ਕਾਰਨ ਕੋਈ ਵੀ ਵਿਅਕਤੀ ਬੋਲੀ ਦੇਣ ਨਹੀਂ ਪੁੱਜਿਆ। ਪਿਛਲੇ 6 ਦਿਨਾਂ ਦੌਰਾਨ ਗੰਨਾ ਮਿੱਲ ਪ੍ਰਬੰਧਕਾਂ ਨੇ ਕਿਸਾਨਾਂ ਦੇ ਖਾਤਿਆਂ ’ਚ 1 ਕਰੋੜ 1 ਲੱਖ ਰੁਪਏ ਪਾਇਆ ਹੈ, ਜਦੋਂਕਿ ਸਾਲ 2021-22 ਦਾ ਕਿਸਾਨਾਂ ਦਾ ਕਰੀਬ 6 ਕਰੋੜ 82 ਲੱਖ ਤੇ ਸਾਲ 2020-21 ਦਾ 53 ਲੱਖ 77 ਹਜ਼ਾਰ ਰੁਪਏ ਰਕਮ ਖੰਡ ਮਿੱਲ ਵੱਲ ਬਕਾਇਆ ਹੈ। ਇਸ ਮੌਕੇ ਪੁੱਜੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਨਰਿੰਦਰ ਸਿੰਘ ਕਾਲਾਬੂਲਾ ਨੇ ਕਿਹਾ ਕਿ ਉਹ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਸਾਰੀ ਸਥਿਤੀ ਬਾਰੇ ਜਾਣੂ ਕਰਵਾਉਣਗੇ ਤਾਂ ਜੋ ਕਿਸਾਨਾਂ ਦੀ ਆਵਾਜ਼ ਨੂੰ ਲੋਕ ਸਭਾ ’ਚ ਚੁੱਕਿਆ ਜਾ ਸਕੇ। ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਬੁਗਰਾ, ਸਰਬਜੀਤ ਸਿੰਘ ਅਲਾਲ ਤੇ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਕਿਹਾ ਕਿ ਧੂਰੀ ਸ਼ੂਗਰ ਮਿੱਲ ਵੱਲ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੀ ਲਗਪਗ 9 ਕਰੋੜ ਰੁਪਏ ਦੀ ਅਦਾਇਗੀ ਰਹਿੰਦੀ ਹੈ ਤੇ ਕਿਸਾਨਾਂ ਨੂੰ ਆਪਣੀ ਫਸਲ ਦੀ ਅਦਾਇਗੀ ਲੈਣ ਲਈ ਧਰਨੇ ਲਾਉਣ ਤੇ ਸੰਘਰਸ਼ ਕਰਨ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕੀ ਧੂਰੀ ਦਾ ਪ੍ਰਸ਼ਾਸਨ ਜਾਣਬੁੱਝ ਕੇ ਗੰਨਾ ਮਿੱਲ ਪ੍ਰਬੰਧਕਾਂ ਨਾਲ ਮਿਲ ਕੇ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਿਹਾ ਹੈ।
ਕੀ ਕਹਿੰਦੇ ਨੇ ਸਬੰਧਤ ਮਾਮਲੇ ਬਾਰੇ ਤਹਿਸੀਲਦਾਰ
ਇਸ ਮੌਕੇ ਤਹਿਸੀਲਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਖੰਡ ਮਿੱਲ ਦੇ ਇਕ ਹਿੱਸੇ ਦੀ ਜ਼ਮੀਨ ਦੀ ਨਿਲਾਮੀ ਲਈ ਬੋਲੀ ਰੱਖੀ ਗਈ ਸੀ ਅਤੇ ਬੋਲੀ ਦੌਰਾਨ ਕੋਈ ਬੋਲੀਕਾਰ ਨਾ ਪੁੱਜਣ ਕਾਰਨ ਬੋਲੀ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਖੰਡ ਮਿੱਲ ਦੀ ਜ਼ਮੀਨ ਦੀ ਨਿਲਾਮੀ ਸਬੰਧੀ ਅਗਲੀ ਤਾਰੀਖ ਤੈਅ ਕੀਤੀ ਜਾਵੇਗੀ।