ਪੱਤਰ ਪ੍ਰੇਰਕ
ਸ਼ੇਰਪੁਰ, 4 ਦਸੰਬਰ
ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦੇ ਮੱਦੇਨਜ਼ਰ ਕਿਸਾਨਾਂ ਦੇ ਲਗਾਤਾਰ ਦਿੱਲੀ ਆਉਣ-ਜਾਣ ਕਰਕੇ ਪਿੰਡ ਘਨੌਰੀ ਕਲਾਂ ਦੇ ਕਿਸਾਨਾਂ ਨੇ ਸਾਂਝੇ ਰੂਪ ਵਿੱਚ ਆਵਾਰਾ ਪਸ਼ੂਆਂ ਤੋਂ ਪਿੰਡ ਦੀਆਂ ਫ਼ਸਲਾਂ ਦੀ ਰਾਖੀ ਲਈ ਰੱਖੇ ਰਾਖਿਆਂ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਦਾ ਮਾਮਲਾ ਉਸ ਸਮੇਂ ਹੋਰ ਭਖ ਗਿਆ ਜਦੋਂ ਪਿੰਡ ਦੇ ਕਿਸਾਨਾਂ ਨੇ ਪੀੜਤ ਪਰਿਵਾਰ ਨਾਲ ਡਟਦਿਆਂ ਪੁਲੀਸ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਜਖ਼ਮੀ ਦੇ ਪਿਤਾ ਰਾਖੇ ਸਤਵੀਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਘਨੌਰੀ ਕਲਾਂ ਦੇ ਨਾਲ ਲਗਦੇ ਵੱਖ-ਵੱਖ ਪਿੰਡਾਂ ਦੇ ਦੋ ਜਣਿਆਂ (ਜੋ ਖ਼ੁਦ ਫਸਲਾਂ ਦੀ ਰਾਖੀ ਦਾ ਠੇਕਾ ਲੈਂਦੇ ਹਨ) ਨੇ ਉਨ੍ਹਾਂ ਦੀ ਗੱਡੀ ਅੱਗੇ ਗੱਡੀ ਲਗਾ ਕੇ ਉਨ੍ਹਾਂ ਦੇ ਦੋ ਪੁੱਤਰਾਂ ਸੰਸਾਰ ਸਿੰਘ ਤੇ ਅਰਜਨ ਸਿੰਘ ਕੁੱਟਮਾਰ ਕੀਤੀ। ਹਮਲਾਵਰਾਂ ਨਾਲ ਇਸ ਮੌਕੇ ਦੋ ਹੋਰ ਅਣਪਛਾਤੇ ਵੀ ਸਨ। ਪੁਲੀਸ ਟੀਮ ਪੀਜੀਆਈ ਦਾਖ਼ਲ ਸੰਸਾਰ ਸਿੰਘ ਦੇ ਬਿਆਨ ਲੈਣ ਪਹੁੰਚੀ ਸੀ ਪਰ ਉਹ ਹਾਲੇ ਬਿਆਨ ਦੇਣ ਦੇ ਯੋਗ ਨਹੀਂ ਹੈ। ਇਸ ਕਾਰਨ ਪੁਲੀਸ ਨੇ ਕਾਰਵਾਈ ਲਈ ਉਸ ਦੇ ਪਿਤਾ ਦੇ ਬਿਆਨ ਕਲਮਬੱਧ ਕੀਤੇ ਹਨ।
ਉਧਰ, ਪਿੰਡ ਦੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨਾਂ ਨੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨਾਲ ਮੁਲਾਕਾਤ ਕਰ ਕੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਦੂਜੇ ਪਾਸੇ, ਜਿਨ੍ਹਾਂ ਵਿਅਕਤੀਆਂ ’ਤੇ ਕੁੱਟਮਾਰ ਦੇ ਦੋਸ਼ ਲੱਗ ਰਹੇ ਹਨ ਉਨ੍ਹਾਂ ਦੇ ਵੀ ਹਸਪਤਾਲ ਦਾਖ਼ਲ ਹੋਣ ਦੀ ਸੂਚਨਾ ਹੈ ਪਰ ਕੋਸ਼ਿਸ਼ ਦੇ ਬਾਵਜੂਦ ਦੂਜੀ ਧਿਰ ਨਾਲ ਸੰਪਰਕ ਨਹੀਂ ਹੋ ਸਕਿਆ। ਜਾਂਚ ਅਧਿਕਾਰੀ ਤਰਸੇਮ ਸਿੰਘ ਨੇ ਸਿਰਫ਼ ਐਨਾ ਕੁ ਹੀ ਦੱਸਿਆ ਕਿ ਦੂਜੀ ਧਿਰ ਦੇ ਦਾਖ਼ਲ ਹੋਣ ਦੀ ਸੂਚਨਾ ਅੱਜ ਪ੍ਰਾਪਤ ਹੋਈ ਹੈ।