ਰਜਿੰਦਰ ਜੈਦਕਾ
ਅਮਰਗੜ੍ਹ, 2 ਸਤੰਬਰ
ਹਾਈ ਕੋਰਟ ਦੇ ਹੁਕਮਾਂ ਤਹਿਤ ਸਹਿਕਾਰੀ ਖੇਤੀਬਾੜੀ ਬਹੁ ਮੰਤਵੀਂ ਸਹਿਕਾਰੀ ਸਭਾ ਅਮਰਗੜ੍ਹ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਦਾ ਪਿਛਲੇ ਪੌਣੇ ਤਿੰਨ ਸਾਲ ਤੋਂ ਚੱਲ ਰਿਹਾ ਰੇੜਕਾ ਖਤਮ ਹੋ ਗਿਆ। ਅੱਜ ਪ੍ਰਧਾਨ ਵਜੋਂ ਗੋਬਿੰਦਰ ਸਿੰਘ ਝੂੰਦਾਂ ਨੇ ਅਹੁਦਾ ਸੰਭਾਲ ਲਿਆ। ਪਹਿਲਾਂ ਹੋਈ ਚੋਣ ਵਿੱਚ 11 ਮੈਂਬਰਾਂ ਵਿੱਚੋਂ 6 ਸ਼੍ਰੋਮਣੀ ਅਕਾਲੀ ਦਲ ਅਤੇ 5 ਮੈਂਬਰ ਕਾਂਗਰਸ ਦੇ ਚੁਣੇ ਗਏ ਸਨ। ਕਾਂਗਰਸ ਦੀ ਸਰਕਾਰ ਹੋਣ ਕਾਰਕੇ ਕਾਂਗਰਸ ਮੈਂਬਰਾਂ ਨੇ ਸਹਿਕਾਰੀ ਸਭਾ ’ਤੇ ਕਬਜ਼ਾ ਕਰ ਲਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਮੈਂਬਰਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਹੁਣ ਇਨਸਾਫ ਮਿਲਣ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਕਮੇਟੀ ’ਤੇ ਕਬਜ਼ਾ ਹੋ ਗਿਆ। ਅੱਜ ਹੋਈ ਮੈਂਬਰਾਂ ਦੀ ਮੀਟਿੰਗ ਵਿਚ ਪ੍ਰਧਾਨ ਗੋਬਿੰਦਰ ਸਿੰਘ ਝੂੰਦਾਂ, ਮੀਤ ਪ੍ਰਧਾਨ ਗੁਰਵਿੰਦਰ ਸਿੰਘ ਝੱਲ, ਜਸਵਿੰਦਰ ਸਿੰਘ ਦੱਦੀ, ਅਵਤਾਰ ਸਿੰਘ ਤਾਰੀ, ਜੋਰਾ ਸਿੰਘ ਝੱਲ, ਕਰਮ ਸਿੰਘ ਨੰਗਲ ਤੋਂ ਇਲਾਵਾ ਇੱਕ ਹੋਰ ਮੈਂਬਰ ਹਰਦੀਪ ਸਿੰਘ ਅਮਰਗੜ੍ਹ ਨੇ ਕਮੇਟੀ ਨੂੰ ਸਮਰਥਨ ਦੇ ਦਿੱਤਾ। ਪ੍ਰਧਾਨ ਗੋਬਿੰਦਰ ਸਿੰਘ ਨੇ ਦੱਸਿਆ ਕਿ ਹੁਣ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਬਾਵਾ, ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ, ਸਾਬਕਾ ਪ੍ਰਧਾਨ ਦਰਸ਼ਨ ਸਿੰਘ ਮੰਡਾਹੜ, ਸਵਰਨ ਸਿੰਘ ਕਾਲਾ ਝੱਲ, ਨਰਿੰਦਰ ਸਿੰਘ ਗਿੱਲ, ਸਾਬਕਾ ਸਰਪੰਚ ਗੁਰਭਜਨ ਸਿੰਘ ਹਾਜ਼ਰ ਸਨ।