ਨਿੱਜੀ ਪੱਤਰ ਪੇ੍ਰਕ
ਸੰਗਰੂਰ, 26 ਅਕਤੂਬਰ
ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਇਥੇ ਕਰੀਬ ਸੌ ਫੁੱਟ ਉਚੀ ਟੈਂਕੀ ਉਪਰ ਚੜ੍ਹ ਕੇ ਪਿਛਲੇ 68 ਦਿਨਾਂ ਤੋਂ ਬੈਠੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕ ਮੁਨੀਸ਼ ਫਾਜ਼ਿਲਕਾ ਦਾ ਹਾਲ ਚਾਲ ਜਾਣਿਆ ਅਤੇ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਨੂੰ ਜੰਮ ਕੇ ਕੋਸਿਆ।
ਬਸਪਾ ਆਗੂ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਟੈਂਕੀ ਉਪਰ 68 ਦਿਨਾਂ ਤੋਂ ਡਟੇ ਟੈਟ ਪਾਸ ਬੇਰੁਜ਼ਗਾਰ ਬੀ.ਐਡ. ਅਧਿਆਪਕ ਮੁਨੀਸ਼ ਫਾਜ਼ਿਲਕਾ ਦੀ ਉਮਰ ਕਰੀਬ 40 ਸਾਲ ਹੋ ਚੁੱਕੀ ਹੈ। ਸਰਕਾਰੀ ਨੌਕਰੀ ਦੀ ਉਡੀਕ ਵਿਚ ਉਸ ਨੇ ਅਜੇ ਤੱਕ ਸ਼ਾਦੀ ਵੀ ਨਹੀਂ ਕਰਵਾਈ। ਮੁਨੀਸ਼ ਫਾਜ਼ਿਲਕਾ ਇੱਕ ਲੋੜਵੰਦ ਪਰਿਵਾਰ ਨਾਲ ਸਬੰਧਤ ਹੈ ਜੋ ਕਿ ਕਾਂਗਰਸ ਸਰਕਾਰ ਦੇ ਘਰ-ਘਰ ਨੌਕਰੀ ਦੇ ਵਾਅਦੇ ਨੂੰ ਪੂਰਾ ਹੋਣ ਦੀ ਉਡੀਕ ਕਰ ਰਿਹਾ ਹੈ ਪਰੰਤੂ ਵਾਅਦੇ ਕਰਨ ਵਾਲਿਆਂ ਨੂੰ ਅਜਿਹੇ ਨੌਜਵਾਨਾਂ ਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਕਰੀਬ 35 ਹਜ਼ਾਰ ਬੇਰੁਜ਼ਗਾਰ ਬੀ.ਐਡ. ਅਧਿਆਪਕ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਵਿਸ਼ਿਆਂ ਦੀਆਂ ਅਸਾਮੀਆਂ ਉਪਰ ਭਰਤੀ ਦੀ ਬੇਸਬਰੀ ਨਾਲ ਉਡੀਕ ਕਰਦਿਆਂ ਦਰ-ਦਰ ਠੋਕਰਾਂ ਖਾਣ ਲਈ ਮਜਬੂਰ ਹਨ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਅਦੇ ਤਾਂ ਆਮ ਆਦਮੀ ਹੋਣ ਦੇ ਕਰਦੇ ਹਨ ਪਰੰਤੂ ਇੱਕ ਗਰੀਬ ਪਰਿਵਾਰ ਦੇ ਜਾਨ ਜੋਖ਼ਮ ’ਚ ਪਾ ਕੇ ਬੈਠੇ ਬੇਰੁਜ਼ਗਾਰ ਦੀ ਸਾਰ ਨਹੀਂ ਲਈ ਜਾ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਬੇਰੁਜ਼ਗਾਰਾਂ ਦੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ। ਇਸ ਮੌਕੇ ਬਸਪਾ ਦੇ ਲੋਕ ਸਭਾ ਇੰਚਾਰਜ ਰਣਧੀਰ ਸਿੰਘ ਨਾਗਰਾ, ਜਗਤਾਰ ਸਿੰਘ, ਇਕਬਾਲ ਸਿੰਘ, ਬਲਜੀਤ ਸਿੰਘ, ਜਗਤਾਰ ਸਿੰਘ ਬਾਲੀਆਂ, ਗੁਰਮੁਖ ਸਿੰਘ ਭਿੰਡਰਾਂ, ਅੰਚਲ ਗਰਗ, ਪ੍ਰੀਤਮ ਸਿੰਘ ਛੰਨਾਂ, ਗੁਰਮੇਲ ਸਿੰਘ ਰੰਗੀਲਾ, ਨਿਰਮਲ ਸਿੰਘ ਮੱਟੂ, ਪਵਨ ਸਿੰਘ ਆਦਿ ਮੌਜੂਦ ਸਨ।
ਬੇਰੁਜ਼ਗਾਰ ਅਧਿਆਪਕਾਂ ਵਲੋਂ 29 ਅਕਤੂਬਰ ਨੂੰ ਜਲੰਧਰ ’ਚ ਪੱਕੇ ਮੋਰਚੇ ਦਾ ਐਲਾਨ
ਮੁੱਖ ਮੰਤਰੀ ਵਲੋਂ ਪੈਨਲ ਮੀਟਿੰਗਾਂ ਦਾ ਸਮਾਂ ਨਿਸ਼ਚਿਤ ਕਰਕੇ ਮੀਟਿੰਗਾਂ ਨਾ ਕਰਨ ਤੋਂ ਅੱਕੇ ਟੈਟ ਪਾਸ ਬੇਰੁਜ਼ਗਾਰ ਬੀ.ਐਡ. ਅਧਿਆਪਕਾਂ ਵਲੋਂ 28 ਅਕਤੂਬਰ ਨੂੰ ਜਲੰਧਰ ਵਿਖੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਹੈ। ਮੀਟਿੰਗਾਂ ਦੇ ਮਿਲ ਰਹੇ ਸਰਕਾਰੀ ਲਾਰਿਆਂ ਤੋਂ ਦੁਖੀ ਬੇਰੁਜ਼ਗਾਰ ਅਧਿਆਪਕਾਂ ਵਲੋਂ ਇਥੇ ਟੈਂਕੀ ਹੇਠਾਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਜਦੋਂ ਕਿ ਬੇਰੁਜ਼ਗਾਰ ਅਧਿਆਪਕ ਮੁਨੀਸ਼ ਫਾਜ਼ਿਲਕਾ 68 ਦਿਨਾਂ ਤੋਂ ਟੈਂਕੀ ਉਪਰ ਅਜੇ ਵੀ ਡਟਿਆ ਹੋਇਆ ਹੈ ਜਿਸਦੀ ਸਰਕਾਰ ਨੇ ਅਜੇ ਤੱਕ ਸਾਰ ਨਹੀਂ ਲਈ।