ਹਰਦੀਪ ਸਿੰਘ ਸੋਢੀ
ਧੂਰੀ, 30 ਅਕਤੂਬਰ
ਪਿਛਲੇ ਦਿਨੀਂ ਭੇਤਭਰੀ ਹਾਲਤ ਵਿਚ ਲਾਪਤਾ ਹੋਏ ਸ਼ਹਿਰ ਦੇ 25 ਸਾਲਾ ਨੌਜਵਾਨ ਦੀ ਲਾਸ਼ ਬੀਤੇ ਦਿਨੀਂ ਖਨੌਰੀ ਨੇੜਿਓਂ ਭਾਖੜਾ ਨਹਿਰ ਵਿੱਚੋਂ ਮਿਲੀ ਹੈ।
ਮ੍ਰਿਤਕ ਦੀ ਭੈਣ ਰਿੰਪਲ ਗੁਪਤਾ ਵੱਲੋਂ ਸਥਾਨਕ ਪੁਲੀਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ਹਿਰ ਦੇ ਮੁਹੱਲਾ ਸ਼ਿਵਪੁਰੀ ਵਿਚ ਰਹਿੰਦਾ ਉਸ ਦਾ ਭਰਾ ਅਸ਼ੀਸ਼ ਜਿੰਦਲ ਪੁੱਤਰ ਗੁਰਦਾਸ ਰਾਏ ਲੰਘੀ 25 ਅਕਤੂਬਰ ਨੂੰ ਆਪਣੀ ਕਾਰ ਵਿਚ ਮੁਹਾਲੀ ਤੋਂ ਧੂਰੀ ਨੂੰ ਆਉਂਦਿਆਂ ਰਸਤੇ ਵਿਚ ਭੇਤਭਰੀ ਹਾਲਤ ਵਿਚ ਲਾਪਤਾ ਹੋ ਗਿਆ ਸੀ। ਬਾਅਦ ਵਿੱਚ ਉਸ ਦੀ ਆਈ-10 ਕਾਰ ਪਸਿਆਣਾ (ਪਟਿਆਲਾ) ਥਾਣੇ ਦੀ ਹੱਦ ਵਿਚ ਭਾਖੜਾ ਨਹਿਰ ਕੰਢਿਓਂ ਮਿਲੀ ਸੀ। ਸੂਤਰਾਂ ਅਨੁਸਾਰ ਪਰਿਵਾਰ ਵਾਲੇ ਉਸ ਦਿਨ ਤੋਂ ਹੀ ਭਾਖੜਾ ਨਹਿਰ ਵਿਚ ਉਸ ਦੀ ਭਾਲ ਕਰ ਰਹੇ ਸਨ ਅਤੇ ਬੀਤੇ ਦਿਨ ਅਸ਼ੀਸ਼ ਜਿੰਦਲ ਦੀ ਲਾਸ਼ ਖਨੌਰੀ ਨੇੜੇ ਭਾਖੜਾ ਮੇਨ ਬਰਾਂਚ ’ਚੋਂ ਬਰਾਮਦ ਹੋਈ। ਸ਼ਾਮ ਸਮੇਂ ਉਸ ਦਾ ਅੰਤਿਮ ਸੰਸਕਾਰ ਧੂਰੀ ਵਿੱਚ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਮ੍ਰਿਤਕ ਦੇ ਪਿਤਾ ਗੁਰਦਾਸ ਰਾਏ ਡਾਕ ਵਿਭਾਗ ਵਿੱਚ ਨੌਕਰੀ ਕਰਦੇ ਸਨ, ਜਿਨ੍ਹਾਂ ਦੀ ਕਈ ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅਤੇ ਮ੍ਰਿਤਕ ਨੂੰ ਆਪਣੇ ਪਿਤਾ ਦੀ ਥਾਂ ਤਰਸ ਦੇ ਆਧਾਰ ’ਤੇ ਡਾਕ ਵਿਭਾਗ ਵਿਚ ਨੌਕਰੀ ਮਿਲ ਗਈ ਸੀ। ਸਥਾਨਕ ਪੁਲੀਸ ਵੱਲੋਂ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ।