ਬੀਰਬਲ ਰਿਸ਼ੀ
ਸ਼ੇਰਪੁਰ, 29 ਅਕਤੂਬਰ
ਸੁਨਹਿਰੇ ਭਵਿੱਖ ਦੇ ਸੁਪਨੇ ਲੈ ਕੇ ਰੋਜ਼ੀ ਰੋਟੀ ਲਈ ਤਕਰੀਬਨ 7 ਕੁ ਸਾਲ ਪਹਿਲਾਂ ਮਾਲਟਾ ਗਏ ਘਨੌਰੀ ਕਲਾਂ ਦੇ ਵਸਨੀਕ ਤੇ ਸੱਤ ਭੈਣਾਂ ਦੇ ਇਕਲੌਤੇ ਭਰਾ ਨੱਥਾ ਸਿੰਘ ਹੈਪੀ (32) ਅੱਜ ਲਾਸ਼ ਬਣਕੇ ਪਿੰਡ ਪਰਤਿਆ। ਇਸ ਮੌਕੇ ਧਾਹਾਂ ਮਾਰਦੇ ਬਜ਼ੁਰਗ ਮਾਪੇ ਤੇ ਭੈਣਾਂ ਦੇ ਵੈਣ ਪੱਥਰ ਦਿਲਾਂ ਨੂੰ ਮੋਮ ਕਰ ਰਹੇ ਸਨ। ਖ਼ਬਰ ਮਿਲਦਿਆਂ ਹੀ ਇਲਾਕੇ ਵਿੱਚੋਂ ਵੱਡੀ ਗਿਣਤੀ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਜੱਦੀ ਪਿੰਡ ਘਨੌਰੀ ਕਲਾਂ ਵਿਖੇ ਬਾਅਦ ਦੁਪਹਿਰ ਹੋਏ ਅੰਤਿਮ ਸੰਸਕਾਰ ਮੌਕੇ ਇਸ ਨੌਜਵਾਨ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਅਤੇ ਪਰਿਵਾਰ ਨੂੰ ਢਾਰਸ ਦਿੱਤਾ। ਦਿੱਲੀ ਤੋਂ ਲਾਸ਼ ਲੈ ਕੇ ਪਰਤੇ ਉਦਮੀ ਮਾਸਟਰ ਕੁਲਵੰਤ ਸਿੰਘ ਘਨੌਰੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮਾਲਟਾ ਵਿਖੇ ਨੱਥਾ ਸਿੰਘ ਹੈਪੀ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਬਿਮਾਰ ਹੋਣ ਮਗਰੋਂ ਮਾਲਟਾ ਦੇ ਹਸਪਤਾਲ ਵਿਖੇ ਜ਼ੇਰੇ ਇਲਾਜ ਸੀ। ਕੁਝ ਦਿਨ ਮਾਪਿਆਂ ਤੋਂ ਇਹ ਗੱਲ ਗੁਪਤ ਵੀ ਰੱਖੀ ਗਈ ਪਰ ਪਤਾ ਲੱਗਣ ’ਤੇ ਇਹ ਗਰੀਬ ਪਰਿਵਾਰ ਜਦੋਂ ਮਾਲਟਾ ਤੋਂ ਆਪਣੇ ਪੁੱਤਰ ਦੀ ਲਾਸ਼ ਲਿਆਉਣ ਲਈ ਦਰ-ਦਰ ਲੋਕਾਂ ਦੇ ਤਰਲੇ ਕੱਢ ਰਿਹਾ ਸੀ ਤਾਂ ਆਪ ਆਗੂ ਹਰਜਿੰਦਰ ਸਿੰਘ ਸੋਨੀ ਨੇ ਆਮ ਆਦਮੀ ਪਾਰਟੀ ਦੇ ਆਗੂ ਸ਼ਾਮ ਸੁੰਦਰ ਸਿੰਗਲਾ ਨਾਲ ਪਰਿਵਾਰ ਦਾ ਸੰਪਰਕ ਕਰਵਾਇਆ। ਮਾਲਟਾ ਵਿੱਚ ਆਪਣੇ ਨਿੱਜੀ ਸੰਪਰਕਾਂ ਰਾਹੀਂ ਲਾਸ਼ ਭਾਰਤ ਭੇਜਣ ਲਈ ਜਿੱਥੇ ਸ੍ਰੀ ਸਿੰਗਲਾ ਦੀ ਟੀਮ ਨੇ ਭਾਰੀ ਜੱਦੋ-ਜਹਿਦ ਕੀਤੀ ਉੱਥੇ ਆਪਣੀਆਂ ਗੱਡੀਆਂ ’ਤੇ ਟੀਮ ਪਿੰਡ ਵਾਸੀਆਂ ਨਾਲ ਖੁਦ ਦਿੱਲੀ ਜਾ ਕੇ ਮ੍ਰਿਤਕ ਨੌਜਵਾਨ ਦੀ ਦੇਹ ਨੂੰ ਪਿੰਡ ਘਨੌਰੀ ਕਲਾਂ ਤੱਕ ਲਿਆਉਣ ਲਈ ਮਦਦ ਕੀਤੀ। ਪਰਿਵਾਰ ਦੇ ਮਦਦਗਾਰ ਕਲੋਨਾਈਜ਼ਰ ਅਸ਼ੋਕ ਕੁਮਾਰ ਲੱਖਾ, ਸਰਪੰਚ ਗੁਰਜੰਟ ਸਿੰਘ ਹੈਪੀ, ਪੰਚ ਕਰਮਜੀਤ ਸਿੰਘ, ਪੰਚ ਜੁਗਰਾਜ ਸਿੰਘ, ਕਲੱਬ ਪ੍ਰਧਾਨ ਸੇਬੀ ਚਹਿਲ, ਚੇਅਰਮੈਨ ਇੰਦਰਜੀਤ ਸਿੰਘ ਘਨੌਰੀ, ਯੂਥ ਆਗੂ ਜਸ਼ਨ ਧਾਲੀਵਾਲ, ਕਰਨ ਔਲਖ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਸ ਗਰੀਬ ਪਰਿਵਾਰ ਲਈ 10 ਲੱਖ ਰੁਪਏ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਉਹ ਅੱਗੇ ਵੀ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਕਰਨਗੇ।