ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ, 27 ਮਈ
ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਅੱਜ ਜ਼ਿਲ੍ਹਾ ਸੰਗਰੂਰ ਦੇ ਆਪਣੇ ਪਹਿਲੇ ਦੌਰੇ ਦੌਰਾਨ ਨੌਜਵਾਨ ਆਗੂ ਲੱਖਾ ਸਿਧਾਣਾ ਮਹਿਲਾਂ ਚੌਕ, ਛਾਜਲੀ ਤੇ ਸ਼ਾਦੀਹਰੀ ਆਦਿ ਪਿੰਡਾਂ ਵਿਚ ਪਹੁੰਚੇ।
ਇਸ ਮੌਕੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਧਾਣਾ ਨੇ ਕਿਹਾ ਕਿ ਲੜਾਈ ਹਮੇਸ਼ਾ ਹੌਸਲੇ ਨਾਲ ਜਿੱਤੀ ਜਾਂਦੀ ਹੈ ਅਤੇ ਸਾਡੀ ਲੜਾਈ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਖ਼ਿਲਾਫ਼ ਹੈ ਤੇ ਇਸ ਵਿਚ ਸਾਡੀ ਜਿੱਤ ਯਕੀਨੀ ਹੋਵੇਗੀ। ਉਨ੍ਹਾਂ ਕਿਸਾਨਾਂ ਅਤੇ ਨੌਜਵਾਨਾਂ ਨੂੰ ‘ਦਿੱਲੀ ਚੱਲੋ’ ਦਾ ਨਾਅਰਾ ਦਿੰਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਜਿੱਤ ਦੀਆਂ ਬਰੂਹਾਂ ਵੱਲ ਵਧ ਰਿਹਾ ਹੈ, ਜਿਸ ਕਰ ਕੇ ਉੱਥੇ ਵੱਧ ਤੋਂ ਵੱਧ ਕਿਸਾਨ ਅਤੇ ਨੌਜਵਾਨ ਸ਼ਮੂਲੀਅਤ ਕਰਨ ਤਾਂ ਜੋ ਮੋਦੀ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ ਕਿ ਇਹ ਸੰਘਰਸ਼ ਕਦੇ ਵੀ ਕਮਜ਼ੋਰ ਨਹੀਂ ਪਵੇਗਾ ਬਲਕਿ ਮੋਦੀ ਸਰਕਾਰ ਦੇ ਨੱਕ ਵਿੱਚ ਦਮ ਕਰ ਕੇ ਰੱਖ ਦੇਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ ਛੇ ਮਹੀਨਿਆਂ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਬੈਠੇ ਹਨ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਹੈ ਅਤੇ ਇਹ ਕਾਲੇ ਕਾਨੂੰਨ ਇਕੱਲੇ ਕਿਸਾਨਾਂ ਲਈ ਹੀ ਨਹੀਂ ਬਲਕਿ ਵਪਾਰੀਆਂ ਅਤੇ ਮਜ਼ਦੂਰਾਂ ਲਈ ਵੀ ਘਾਤਕ ਸਿੱਧ ਹੋਣਗੇ। ਸਿਧਾਣਾ ਨੇ ਕਿਹਾ ਕਿ ਪੰਜਾਬ ਦੇ ਲੋਕ ਕਦੇ ਵੀ ਹਾਰ ਨਹੀਂ ਮੰਨਦੇ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਕਿਸੇ ਵੀ ਰਾਜਨੀਤਕ ਪਾਰਟੀ ਦਾ ਨੁਮਾਇੰਦਾ ਜੇਕਰ ਵੋਟਾਂ ਲੈਣ ਲਈ ਆਉਂਦਾ ਹੈ ਤਾਂ ਉਸ ਤੋਂ ਪੁੱਛੋ ਕਿ ਆਮ ਲੋਕਾਂ ਅਤੇ ਕਿਸਾਨਾਂ ਲਈ ਉਨ੍ਹਾਂ ਨੇ ਕੀ ਕੁੱਝ ਕੀਤਾ ਹੈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਲੱਖਾ ਸਿਧਾਣਾ ਦਾ ਸਿਰਪਾਓ ਪਾ ਕੇ ਸਨਮਾਨ ਕੀਤਾ ਗਿਆ।