ਖੇਤਰੀ ਪ੍ਰਤੀਨਿਧ
ਧੂਰੀ, 25 ਅਪਰੈਲ
ਲੰਘੇ ਦਿਨੀ ਇਕ ਵਿਆਹ ਸਮਾਗਮ ’ਚ ਹੋਈ ਬੇਇੱਜ਼ਤੀ ਦਾ ਬਦਲਾ ਲੈਣ ਲਈ ਆਪਣੇ ਚਚੇਰੇ ਭਰਾ ਤੇ ਭਰਜਾਈ ਦੀ ਆਪਣੇ ਨਜ਼ਦੀਕੀਆਂ ਤੋਂ ਕਰਵਾਈ ਕੁੱਟਮਾਰ ਦੇ ਮਾਮਲੇ ਵਿਚ ਪੁਲੀਸ ਵੱਲੋਂ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ 13 ਮਾਰਚ ਨੂੰ ਥਾਣਾ ਸਦਰ ਧੂਰੀ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤੇ ਮੁਕੱਦਮੇ ਨੂੰ ਸੁਲਝਾਉਦਿਆਂ ਥਾਣਾ ਸਦਰ ਧੂਰੀ ਦੇ ਐਸਐਚਓ ਜਗਮੇਲ ਸਿੰਘ ਨੇ ਦੱਸਿਆ ਕਿ ਚਮਕੌਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਭਲਵਾਨ ਵੱਲੋਂ ਦਰਜ ਕਰਵਾਏ ਮੁਕੱਦਮੇ ’ਚ ਦੱਸਿਆ ਗਿਆ ਸੀ ਕਿ ਲੰਘੀ 8/9 ਮਾਰਚ ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਘਰ ਦਾਖਲ ਹੋ ਕੇ ਉਸ ਅਤੇ ਉਸ ਦੀ ਪਤਨੀ ’ਤੇ ਤੇਜ਼ਧਾਰ ਹਥਿਆਰਾਂ ਤੇ ਸੋਟੀਆਂ ਨਾਲ ਹਮਲਾ ਕੀਤਾ ਗਿਆ ਸੀ। ਉਪਰੰਤ ਪੁਲੀਸ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਖੁਲਾਸਾ ਹੋਇਆ ਕਿ ਬਲਵਿੰਦਰ ਸਿੰਘ ਉਰਫ ਬਿੰਦਾ, ਕੁਲਵਿੰਦਰ ਸਿੰਘ ਉਰਫ ਫੰਨੀ, ਹਰਵਿੰਦਰ ਸਿੰਘ ਉਰਫ ਬੱਬੀ, ਗੁਰਵਿੰਦਰ ਸਿੰਘ ਉਰਫ ਸੱਤਾ ਵਾਸੀਆਨ ਗੁਰੁੂਸਰ ਥਾਣਾ ਦਿਆਲਪੁਰਾ (ਬਠਿੰਡਾ) ਅਤੇ ਮਨਪ੍ਰੀਤ ਸਿੰਘ ਢਿਲਵਾ ਵਾਲਾ ਥਾਣਾ ਬਾਘਾਪੁਰਾਣਾ (ਮੋਗਾ) ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਕਤ ਪੰਜ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਗਿਆ, ਤਾਂ ਉਨ੍ਹਾਂ ਪੁੱਛਗਿੱਛ ’ਚ ਖੁਲਾਸਾ ਕੀਤਾ ਕਿ ਪੀੜਤ ਚਮਕੌਰ ਸਿੰਘ ਦੀ ਇਕ ਵਿਆਹ ਸਮਾਗਮ ਦੌਰਾਨ ਉਸ ਦੀ ਤਾਏ ਦੀ ਕੁੜੀ ਰਣਜੀਤ ਕੌਰ ਵਾਸੀ ਸੰਗਤਪੁਰਾ (ਮੋਗਾ) ਨਾਲ ਤਕਰਾਰ ਹੋ ਗਈ ਸੀ ਜਿਸ ਤੋਂ ਬਾਅਦ ਰਣਜੀਤ ਕੌਰ ਨੇ ਆਪਣੀ ਬੇਇੱਜ਼ਤੀ ਮਹਿਸੂਸ ਕਰਦਿਆਂ ਉਨ੍ਹਾਂ ਨੂੰ ਬਦਲਾ ਲੈਣ ਲਈ ਉਕਸਾਇਆ। ਉਨ੍ਹਾਂ ਦੱਸਿਆ ਕਿ ਰਣਜੀਤ ਕੌਰ ਨੂੰ ਵੀ ਇਸ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ, ਜਿਸ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।