ਰਮੇਸ਼ ਭਾਰਦਵਾਜ
ਲਹਿਰਾਗਾਗਾ, 10 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ’ਚ ਪਿੰਡ ਡਸਕਾ ’ਚ ਬੀਤੀ ਰਾਤ ਪਰਾਲੀ ਸਾੜਨ ਖਿਲਾਫ਼ ਮਿਲੀ ਸ਼ਿਕਾਇਤ ਦੀ ਜਾਂਚ ਲਈ ਲਹਿਰਾਗਾਗਾ ਆ ਜਾ ਰਹੇ ਅਧਿਕਾਰੀਆਂ ਨੂੰ ਨੇੜਲੇ ਪਿੰਡ ਲਦਾਲ ’ਚ ਘੇਰ ਲਿਆ ਗਿਆ। ਕਿਸਾਨਾਂ ਨੇ ਤਹਿਸੀਲਦਾਰ ਸੁਰਿੰਦਰ ਸਿੰਘ, ਨਾਇਬ ਤਹਿਸੀਲਦਾਰ ਗੁਰਨੈਬ ਸਿੰਘ, ਰੀਡਰ ਗਗਨਦੀਪ ਸਿੰਘ ਅਤੇ ਪੁਲੀਸ , ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਪਿੰਡ ਲਦਾਲ ਦੀ ਧਰਮਸ਼ਾਲਾ ’ਚ ਬੰਦੀ ਬਣਾ ਲਿਆ। ਉੱਧਰ ਪ੍ਰਸ਼ਾਸਨ ਨੂੰ ਸੂਚਨਾ ਮਿਲਣ ’ਤੇ ਕਰੀਬ ਤਿੰਨ ਘੰਟੇ ਮਗਰੋਂ ਐੱਸਐੱਚਓ ਸਦਰ ਸੁਰਿੰਦਰ ਭੱਲਾ ਦੀ ਅਗਵਾਈ ’ਚ ਭਾਰੀ ਪੁਲੀਸ ਨੇ ਕਿਸਾਨ ਜਥੇਬੰਦੀਆਂ ਤੇ ਅਧਿਕਾਰੀਆਂ ਦੀ ਆਪਸ ’ਚ ਗੱਲਬਾਤ ਕਰਵਾ ਕੇ ਤੇ ਕੋਈ ਕਾਰਵਾਈ ਨਾ ਕਰਨ ਦੇ ਭਰੋੋਸੇ ਮਗਰੋਂ ਬੰਦੀ ਅਧਿਕਾਰੀਆਂ ਦੀ ਖਲਾਸੀ ਕਰਵਾਈ। ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ ਸਰਕਾਰ ਇਸ ਦਾ ਠੋਸ ਹੱਲ ਕਰੇ ਅਤੇ ਗਰੀਨ ਟ੍ਰਿਬਿਊਨਲ ਦੀ ਹਦਾਇਤ ’ਤੇ ਕਿਸਾਨਾਂ ਨੂੰ ਪੰਜ ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਜਾਂ ਦੋ ਸੌ ਰੁਪਏ ਪ੍ਰਤੀ ਕੁਇੰਟਲ ਬੋਨਸ ਦੇਵੇ ਅਤੇ ਕਿਸੇ ਕਿਸਾਨ ਵਿਰੁੱਧ ਕਾਰਵਾਈ ਨਾ ਕੀਤੀ ਜਾਵੇ। ਉਧਰ ਅਧਿਕਾਰੀਆਂ ਨੇ ਪੂਰੇ ਮਸਲੇ ਦੀ ਰਿਪੋਰਟ ਐੱਸਡੀਐੱਮ ਤੇ ਡੀਸੀ ਨੂੰ ਦਿੱਤੀ ਹੈ।