ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਅਕਤੂਬਰ
ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਆੜਤੀਆਂ ਵਲੋਂ ਲੰਘੇ ਦਿਨ ਅਨਾਜ ਮੰਡੀ ’ਚ ਫਸਲ ਸੁੱਟਣ ਲਈ ਜਗ੍ਹਾ ਦੀ ਘਾਟ ਹੋਣ ਅਤੇ ਸ਼ੈਲਰਾਂ ਨੂੰ ਆਰਜ਼ੀ ਫੜ੍ਹ ’ਚ ਤਬਦੀਲ ਕਰਕੇ ਫਸਲ ਉਤਾਰਨ ਦੀ ਪ੍ਰਵਾਨਗੀ ਨਾ ਦੇਣ ਖ਼ਿਲਾਫ਼ ਸੰਗਰੂਰ ਅਨਾਜ ਮੰਡੀ ਅਤੇ ਖਰੀਦ ਕੇਂਦਰਾਂ ’ਚ ਝੋਨੇ ਦੀ ਸਰਕਾਰੀ ਖਰੀਦ ਦਾ ਬਾਈਕਾਟ ਕਰਦਿਆਂ ਹੜਤਾਲ ਸ਼ੁਰੂ ਕਰ ਦਿੱਤੀ ਸੀ ਅਤੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਸਮੁੱਚੇ ਜ਼ਿਲ੍ਹੇ ਵਿਚ ਸਰਕਾਰੀ ਖਰੀਦ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਕੈਬਨਿਟ ਮੰਤਰੀ ਅਮਨ ਅਰੋੜਾ, ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫਸਲ ਸੁੱਟਣ ਲਈ ਲੋੜੀਂਦੀ ਜਗ੍ਹਾ ਦਾ ਪ੍ਰਬੰਧ ਕਰਨ ਦੇ ਦਿੱਤੇ ਭਰੋਸੇ ਮਗਰੋਂ ਆੜਤੀਆਂ ਐਸੋਸੀਏਸ਼ਨ ਨੇ ਹੜਤਾਲ ਵਾਪਸ ਲੈ ਲਈ ਹੈ ਅਤੇ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਹੈ।
ਆੜਤੀਆ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਪਵਨ ਕੁਮਾਰ ਗਰਗ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਸੋਸੀਏਸ਼ਨ ਨਾਲ ਗੱਲਬਾਤ ਕੀਤੀ ਗਈ ਅਤੇ ਭਰੋਸਾ ਦਿੱਤਾ ਗਿਆ ਕਿ ਕੱਲ੍ਹ ਹੀ ਅਨਾਜ ਮੰਡੀ ਵਿਚ ਫਸਲ ਸੁੱਟਣ ਲਈ ਲੋੜੀਂਦੀ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਵੀ ਗੱਲ ਕਰਵਾਈ ਗਈ। ਇਸ ਤੋਂ ਇਲਾਵਾ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨਾਲ ਵੀ ਗੱਲ ਹੋਈ। ਮੰਤਰੀ ਅਤੇ ਵਿਧਾਇਕ ਵਲੋਂ ਭਰੋਸਾ ਦਿੱਤਾ ਗਿਆ ਕਿ ਸੰਗਰੂਰ ਅਨਾਜ ਮੰਡੀ ਵਿਚ ਫਸਲ ਸੁੱਟਣ ਲਈ ਫੜ੍ਹ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਪ੍ਰਧਾਨ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਸ਼ੈਲਰਾਂ ਵਿਚ ਜਗ੍ਹਾ ਨੂੰ ਆਰਜ਼ੀ ਫੜਾਂ ਵਿਚ ਤਬਦੀਲ ਕਰਕੇ ਫਸਲ ਸੁੱਟਣ ਦੀ ਪ੍ਰਵਾਨਗੀ ਦੇਣ ਦਾ ਵੀ ਭਰੋਸਾ ਦਿੱਤਾ ਹੈ। ਅਨਾਜ ਮੰਡੀ ਵਿਚ ਲਿਫਟਿੰਗ ਸ਼ੁਰੂ ਹੋ ਗਈ ਹੈ ਅਤੇ ਕੱਲ੍ਹ ਤੱਕ ਇਹ ਸਮੱਸਿਆ ਵੀ ਦੂਰ ਹੋਣ ਦੀ ਸੰਭਾਵਨਾ ਹੈ। ਇਸ ਭਰੋਸੇ ਮਗਰੋਂ ਆੜਤੀਆ ਐਸੋਸੀਏਸ਼ਨ ਵਲੋਂ ਹੜਤਾਲ ਵਾਪਸ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਅਨਾਜ ਮੰਡੀ ਸੰਨ 1956 ਦੀ ਬਣੀ ਹੋਈ ਹੈ ਜਿਸ ਵਿਚ ਜਗ੍ਹਾ ਸਿਰਫ਼ 6/7 ਏਕੜ ਹੀ ਹੈ ਜਦੋਂ ਕਿ ਝੋਨੇ ਦੀ ਫਸਲ ਵੱਡੀ ਤਾਦਾਦ ’ਚ ਆਉਂਦੀ ਹੈ। ਹਰ ਸਾਲ ਦੀ ਤਰ੍ਹਾਂ ਸ਼ੈਲਰਾਂ ਨੂੰ ਆਰਜ਼ੀ ਫੜ੍ਹ ਵਿਚ ਤਬਦੀਲ ਕਰਕੇ ਫਸਲ ਸੁੱਟਣ ਦੀ ਪ੍ਰਵਾਨਗੀ ਨਾ ਦੇਣ ਕਾਰਨ ਵੀ ਸਮੱਸਿਆ ਪੈਦਾ ਹੋਈ ਸੀ।